Kotkapura News: ਸਿਵਲ ਹਸਪਤਾਲ `ਚ ਗਰਭਵਤੀ ਔਰਤ ਦੀ ਮੌਤ `ਤੇ ਸਿਹਤ ਵਿਭਾਗ ਉਪਰ ਲਾਪਰਵਾਹੀ ਦੇ ਦੋਸ਼
ਗਰਭਵਤੀ ਔਰਤ ਦੀ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੇ ਸਿਹਤ ਵਿਭਾਗ ਉਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ।
Kotkapura News: ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਵਾਲੀ ਇੱਕ ਜੱਚਾ ਔਰਤ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੇ ਸਿਹਤ ਵਿਭਾਗ ਉਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਵਾਲੀ ਜੱਚਾ ਔਰਤ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੇ ਸਿਹਤ ਵਿਭਾਗ ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ ਅਤੇ ਸਬੰਧਤ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਸ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ ਪੜਤਾਲ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਕੋਟਕਪੂਰਾ ਦੀ ਇੱਕ ਗਰਭਵਤੀ ਔਰਤ ਵੱਲੋਂ ਸਿਵਲ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਇਆ ਜਾ ਰਿਹਾ ਸੀ ਤੇ ਕੁਝ ਦਿਨ ਪਹਿਲਾਂ ਉਸ ਦੀ ਹਾਲਤ ਵਿਗੜਨ ਉਤੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਸੀ। ਉੱਥੇ ਉਸਦੇ ਬੱਚਾ ਹੋਣ ਤੋਂ ਬਾਅਦ ਉਸ ਨੂੰ ਦੋ ਦਿਨ ਪਹਿਲਾਂ ਹੀ ਛੁੱਟੀ ਮਿਲੀ ਸੀ ਅਤੇ ਉਹ ਆਪਣੇ ਘਰ ਵਿੱਚ ਹੀ ਸੀ। ਅੱਜ ਉਸਦੀ ਹਾਲਤ ਵਿਗੜਨ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਮੁੜ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਲੈ ਕੇ ਆਏ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਮਾਮਲੇ ਵਿੱਚ ਉਸਦੇ ਘਰ ਵਾਲੇ ਮਨਤਾਰ ਸਿੰਘ ਨੇ ਦੋਸ਼ ਲਗਾਇਆ ਕਿ ਕਿ ਉਸ ਦੀ ਪਤਨੀ ਦਾ ਸਿਵਲ ਹਸਪਤਾਲ ਤੋਂ ਇਲਾਜ ਕਰਵਾਇਆ ਜਾ ਰਿਹਾ ਸੀ ਤੇ ਉਸਦੇ ਇਲਾਜ ਵਿੱਚ ਹਸਪਤਾਲ ਦੀ ਡਾਕਟਰ ਵੱਲੋਂ ਲਾਪਰਵਾਹੀ ਦਿਖਾਈ ਗਈ। ਇਸ ਤੋਂ ਬਾਅਦ ਉਹ ਆਪਣੀ ਘਰਵਾਲੀ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਲੈ ਗਏ ਸਨ ਉਥੋਂ ਛੁੱਟੀ ਮਿਲਣ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਉਹ ਘਰ ਪਰਤੇ ਸਨ ਅਤੇ ਅੱਜ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਮੁੜ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਆਪਣੀ ਪਤਨੀ ਦੀ ਮੌਤ ਲਈ ਸਿਵਲ ਹਸਪਤਾਲ ਦੀ ਡਾਕਟਰ ਉਤੇ ਦੋਸ਼ ਲਗਾਏ ਹਨ।
ਇਸ ਮਾਮਲੇ ਵਿੱਚ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜਦ ਔਰਤ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਸਦੇ ਸਾਹ ਨਹੀਂ ਚੱਲ ਰਹੇ ਸਨ ਅਤੇ ਨਿਰੀਖਣ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕੀਤਾ ਗਿਆ। ਪਹਿਲਾਂ ਹੋਏ ਇਲਾਜ ਦੇ ਬਾਰੇ ਡਾਕਟਰ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਵਿਚ ਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੂਚਨਾ ਤੋਂ ਬਾਅਦ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Ludhiana News: ਡੀਸੀ ਦਫ਼ਤਰ ਦੇ ਬਾਹਰ ਆਂਗਨਵਾੜੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ; ਵਿੱਤ ਮੰਤਰੀ ਨੂੰ ਭੇਜਿਆ ਮੰਗ ਪੱਤਰ