Punjab AAP New President: ਆਮ ਆਦਮੀ ਪਾਰਟੀ ਨੇ ਪੰਜਾਬ ਦਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਬਣਾ ਦਿੱਤਾ ਹੈ। ਇਸ ਦਾ ਐਲਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਐਕਸ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ। ਮੁੱਖ ਮੰਤਰੀ ਨੇ ਲਿਖਿਆ ਹੈ ਕਿ ਅੱਜ ਮੈਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀਆਂ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੌਂਪ ਦਿੱਤੀ ਹੈ। ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਅਮਨ ਅਰੋੜਾ ਪਾਰਟੀ ਪ੍ਰਧਾਨ ਅਤੇ ਸ਼ੈਰੀ ਕਲਸੀ ਉੱਪ ਪ੍ਰਧਾਨ ਦੇ ਤੌਰ 'ਤੇ ਕੰਮ ਕਰਨਗੇ।


COMMERCIAL BREAK
SCROLL TO CONTINUE READING

ਮਾਨ ਨੇ ਕਿਹਾ ਕਿ ਮੈਨੂੰ ਆਪਣੇ ਦੋਵਾਂ ਸਾਥੀਆਂ 'ਤੇ ਪੂਰਾ ਭਰੋਸਾ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਪਾਰਟੀ ਅਤੇ ਸੰਗਠਨ ਨੂੰ ਪੰਜਾਬ 'ਚ ਹੋਰ ਮਜ਼ਬੂਤ ਕਰਨਗੇ ਅਤੇ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣਗੇ।



ਅਮਨ ਅਰੋੜਾ ਦਾ ਪਹਿਲਾ ਬਿਆਨ


ਜ਼ੀ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ, ਸੀਐੱਮ ਭਗਵੰਤ ਮਾਨ ਸਮੇਤ ਪਾਰਟੀ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ 2 ਸਭ ਤੋਂ ਛੋਟੇ ਵਰਕਰਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਜੋ ਕਿ ਸਾਡੇ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਵਾਂਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਲਿਜਾ ਕੇ ਹੱਲ ਕਰਵਾਂਗੇ।


ਅਮਨ ਅਰੋੜਾ ਨੇ ਕਿਹਾ ਕਿ ਇਹ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਕਿ ਕਿਸੇ ਪਾਰਟੀ ਦਾ ਪ੍ਰਧਾਨ ਆਪ ਹੀ ਆਪਣਾ ਅਹੁਦਾ ਛੱਡਣ ਦਾ ਫ਼ੈਸਲਾ ਲਵੇ। ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਆਪ ਹੀ ਇਸ ਦਾ ਐਲਾਨ ਕੀਤਾ ਸੀ ਤੇ ਹੁਣ ਪਾਰਟੀ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ।


ਸਿਆਸੀ ਪਿਛੋਕੜ


ਦੱਸ ਦਈਏ ਕਿ ਅਮਨ ਅਰੋੜਾ ਇਸ ਵੇਲੇ ਪੰਜਾਬ ਕੈਬਨਿਟ ਵਿਚ ਵੀ ਸ਼ਾਮਲ ਹਨ। ਉਨ੍ਹਾਂ ਕੋਲ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰਾਲਾ ਹੈ। ਅਮਨ ਅਰੋੜਾ ਸੁਨਾਮ ਤੋਂ 2 ਵਾਰ ਦੇ ਵਿਧਾਇਕ ਹਨ। ਉਹ 2017 ਵਿਚ ਪਹਿਲੀ ਵਾਰ ਸੁਨਾਮ ਤੋਂ ਵਿਧਾਇਕ ਚੁਣੇ ਗਏ ਸਨ। 2022 ਵਿਚ ਤਾਂ ਉਨ੍ਹਾਂ ਨੇ 75, 277 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ, ਜੋ ਆਪਣੇ ਆਪ ਵਿਚ ਹੀ ਇਕ ਰਿਕਾਰਡ ਹੈ। ਅਮਨ ਅਰੋੜਾ ਆਮ ਆਦਮੀ ਪਾਰਟੀ ਪੰਜਾਬ ਦਾ ਇਕ ਵੱਡਾ ਹਿੰਦੂ ਚਿਹਰਾ ਹੈ, ਜਿਸ 'ਤੇ ਪਾਰਟੀ ਵੱਲੋਂ ਵੱਡਾ ਦਾਅ ਖੇਡਿਆ ਗਿਆ ਹੈ।


ਇਥੇ ਇਹ ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਸ ਦੀ ਚਰਚਾ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਂਨ ਕਿਸੇ ਹਿੰਦੂ ਚਿਹਰੇ ਨੂੰ ਪੰਜਾਬ ਇਕਾਈ ਦੀ ਵਾਗਡੋਰ ਸੌਂਪ ਸਕਦੀ ਹੈ। ਹੁਣ ਪਾਰਟੀ ਨੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਪਾਰਟੀ ਪ੍ਰਧਾਨ ਥਾਪ ਦਿੱਤਾ ਹੈ।