ਜਾਣੋ, ਕਿਉਂ ਅੰਮ੍ਰਿਤਪਾਲ ਸਿੰਘ ਨੇ ਰਾਕੇਸ਼ ਟਿਕੈਤ ਅਤੇ ਵਿੱਕੀ ਥਾਮਸ ਨੂੰ ਸਿੱਖ ਮੁੱਦਿਆਂ ਤੋਂ ਦੂਰ ਰਹਿਣ ਲਈ ਕਿਹਾ?
ਅੰਮ੍ਰਿਤਪਾਲ ਸਿੰਘ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਵਿੱਕੀ ਥਾਮਸ ਨੂੰ ਸਿੱਖ ਮੁੱਦਿਆਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ।
ਚੰਡੀਗੜ੍ਹ: ਅੰਮ੍ਰਿਤਸਰ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਮ੍ਰਿਤਪਾਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ, ਇਸ ਦੌਰਾਨ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਕੱਤਰ ਹੋਈ ਸਿੱਖ ਸੰਗਤ ਨੂੰ ਸੰਬੋਧਨ ਕੀਤਾ।
ਕਿਸਾਨ ਆਗੂ ਟਿਕੇਤ ਅਤੇ ਥਾਮਸ ਨੂੰ ਦਿੱਤੀ ਚਿਤਾਵਨੀ
ਆਪਣੇ ਸੰਬੋਧਨ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਵਿੱਕੀ ਥਾਮਸ ਨੂੰ ਸਿੱਖ ਮੁੱਦਿਆਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ। ਇਸ ਮੌਕੇ ਉਨ੍ਹਾਂ ਦੋਹਾਂ ਨੂੰ ਕਿਹਾ ਕਿ ਉਹ ਗੈਰ-ਪੰਜਾਬੀ ਹੋਣ ਦੇ ਨਾਲ ਨਾਲ ਗੈਰ-ਸਿੱਖ ਹਨ, ਇਸ ਲਈ ਜੇਕਰ ਗੈਰ-ਸਿੱਖ ਵਿਅਕਤੀ ਸਿੱਖਾਂ ਦੇ ਮੁੱਦਿਆਂ ਤੋਂ ਦੂਰ ਰਹਿਣ ਤਾਂ ਚੰਗਾ ਹੈ।
ਖ਼ਾਲਿਸਤਾਨ ਦਾ ਅੰਮ੍ਰਿਤਪਾਲ ਸਿੰਘ ਨੇ ਕੀਤਾ ਸਮਰਥਨ
ਅੰਮ੍ਰਿਤਪਾਲ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਖ਼ਾਲਿਸਤਾਨ ਦਾ ਖੁੱਲ੍ਹਕੇ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਉਹ ਗੁਰਪਤਵੰਤ ਸਿੰਘ ਪੰਨੂ ਅਤੇ ਹਰ ਉਸ ਵਿਅਕਤੀ ਦੀ ਹਮਾਇਤ ਕਰਦੇ ਹਨ ਜੋ ਖ਼ਾਲਿਸਤਾਨ ਦਾ ਸਮਰਥਨ ਕਰਦਾ ਹੈ।
ਪੂਰੇ ਪੰਜਾਬ ’ਚ ਹੋਵੇਗਾ ਡੇਰੇ ਦਾ ਵਿਰੋਧ: ਅੰਮ੍ਰਿਤਪਾਲ
ਇਸ ਮੌਕੇ ਅੰਮ੍ਰਿਤਪਾਲ ਨੇ ਸੁਨਾਮ ’ਚ ਗੁਰਮੀਤ ਰਾਮ ਰਹੀਮ ਦੇ ਬਣਨ ਜਾ ਰਹੇ ਨਵੇਂ ਡੇਰੇ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸੁਨਾਮ ਸ਼ਹਿਰ ’ਚ ਡੇਰਾ ਸਿਰਸਾ ਦਾ ਨਵਾਂ ਕੇਂਦਰ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ, ਇਸਦਾ ਵਿਰੋਧ ਸਿਰਫ਼ ਸੁਨਾਮ ’ਚ ਹੀ ਨਹੀਂ ਬਲਕਿ ਪੂਰੇ ਪੰਜਾਬ ’ਚ ਕੀਤਾ ਜਾਵੇਗਾ।
ਸਿੱਖ ਕੌਮ ਨੂੰ ਕਮਜ਼ੋਰ ਕਰਨ ਡੇਰਾਵਾਦ ਨੂੰ ਪ੍ਰਫ਼ੂਲਤ ਕੀਤਾ ਜਾ ਰਿਹਾ: ਅੰਮ੍ਰਿਤਪਾਲ
ਅੰਮ੍ਰਿਤਪਾਲ ਨੇ ਕਿਹਾ ਕਿ ਇਹ ਸਿੱਧਾ ਸਿੱਧਾ ਸਿੱਖ ਕੌਮ ਨੂੰ ਕਮਜ਼ੋਰ ਕਰਨ ਤੇ ਡੇਰਾਵਾਦ ਨੂੰ ਪ੍ਰਫ਼ੂਲਤ ਕਰਨ ਦਾ ਮਨਸੂਬਾ ਹੈ। ਉਨ੍ਹਾਂ ਕਿਹਾ ਕਿ ਸਿੱਖੀ ਨੂੰ ਕਮਜ਼ੋਰ ਕਰਨ ਲਈ ਸਰਕਾਰਾ ਸਾਜਿਸ਼ ਤਹਿਤ ਜਾਣਬੁੱਝ ਕੇ ਡੇਰਾਵਾਦ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇੰਨੀ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੂੰ ਉਸ ਸਮੇਂ ਅੰਮ੍ਰਿਤਪਾਨ ਕਰਵਾਇਆ ਜਾ ਰਿਹਾ ਹੈ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਭਾਰਤ ਤੋਂ ਬਾਹਰ ਪਾਕਿਸਤਾਨ ਯਾਤਰਾ ’ਤੇ ਹਨ।