Amritsar News: ਬੰਦੀ ਛੋੜ ਦਿਵਸ ਮੌਕੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਪੁੱਜੇ ਹਨ। ਬੰਦੀ ਛੋੜ ਦਿਵਸ ਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਸੰਗਤ ਸਮੇਤ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨਾਂ ਵੱਲੋਂ ਸੰਬੋਧਨ ਵੀ ਕੀਤਾ ਗਿਆ। ਬੰਦੀ ਛੋੜ ਦਿਵਸ ਮੌਕੇ ਜਥੇਦਾਰ ਰਘਬੀਰ ਸਿੰਘ ਨੇ ਸਿੱਖ ਕੌਮ ਦੇ ਨਾਂ ਦਾ ਸੰਦੇਸ਼ ਦਿੱਤਾ। ਗਿਆਨੀ ਰਘਬੀਰ ਸਿੰਘ ਨੇ ਸਿੱਖ ਕੌਮ ਦੇ ਨਾਂ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਪੰਥਕ ਸ਼ਕਤੀ ਨੂੰ ਇਕ ਮਾਲਾ ਵਿਚ ਪਰੋਣ ਦੀ ਲੋੜ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਕਿਸਾਨੀ ਦਾ ਜ਼ਿਕਰ ਵੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਨੌਜਵਾਨਾਂ ਦਾ ਮਸਲਾ ਵੀ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਡੈਮੋਗ੍ਰਾਫਿਕ ਢਾਂਚਾ ਵੀ ਬਦਲ ਰਿਹਾ ਹੈ। ਇਹ ਮਸਲੇ ਕੌਮ ਅੱਗੇ ਖੜ੍ਹੇ ਹਨ। ਉਨ੍ਹਾਂ ਵੱਲੋਂ ਹਰਦੀਪ ਸਿੰਘ ਨਿੱਝਰ ਅਤੇ ਖੰਡਾ ਦੇ ਕਤਲ ਨੂੰ ਲੈ ਕੇ ਚਿੰਤਾ ਜਤਾਈ ਗਈ।


COMMERCIAL BREAK
SCROLL TO CONTINUE READING

ਗਿਆਨੀ ਰਘਬੀਰ ਸਿੰਘ ਨੇ ਸੰਦੇਸ਼ ਪੜ੍ਹਦੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ 'ਹਲੀਮੀ ਰਾਜ ਦੀ ਸਥਾਪਨਾ, 'ਸਚੁ ਸੁਣਾਇਸੀ ਸਚ ਕੀ ਬੇਲਾ' ਅਨੁਸਾਰ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ, ਨਿਮਾਣਿਆਂ ਨਿਤਾਣਿਆਂ ਦੀ ਢਾਲ ਬਣਨ ਤੇ ਜਰਵਾਣਿਆਂ ਨੂੰ ਸਬਕ ਸਿਖਾਉਣ ਦੀ ਸਰਬ-ਕਲਿਆਣਕਾਰੀ ਤੇ ਸਰਬੱਤ ਦੇ ਭਲੇ ਨੂੰ ਪ੍ਰਣਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਵਿਵਹਾਰਿਕ ਰੂਪ ਵਿਚ ਲਾਗੂ ਕਰਨ ਤੇ ਸਿੱਖ ਪੰਥ ਦੀ ਅਜ਼ਾਦ ਹਸਤੀ ਦਾ ਪ੍ਰਗਟਾਵਾ ਕਰਨ ਲਈ ਕੀਤੀ ਗਈ ਸੀ। ਅਕਾਲ ਦੀ ਇਸ ਅਗੰਮੀ ਸੰਸਥਾ ਦੇ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਖਾਲਸੇ ਵਲੋਂ ਕੀਤੇ ਗਏ ਸੰਘਰਸ਼ ਦੀ ਇਕ ਫਖ਼ਰਯੋਗ ਗਾਥਾ ਹੈ।


ਬੰਦੀ-ਛੋੜ ਦਿਵਸ ਵੀ ਅਕਾਲ ਤਖ਼ਤ ਦੇ ਇਨ੍ਹਾਂ ਆਦਰਸ਼ਾਂ ਨੂੰ ਰੂਪਮਾਨ ਕਰਨ ਦੀ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਹੈ, ਜੋ ਬਦੀ ਦੀਆਂ ਪ੍ਰਤੀਕ ਸ਼ਕਤੀਆਂ ਨੂੰ ਅਣਡਿੱਠ ਜਾਂ ਉਨ੍ਹਾਂ ਨਾਲ ਸਮਝੌਤਾ ਕਰਨ ਦੀ ਬਜਾਏ ਉਨ੍ਹਾਂ ਵਿਰੁੱਧ ਸੰਘਰਸ਼ ਕਰਨ ਅਤੇ ਦੂਜਿਆਂ ਨਾਲ ਹੋ ਰਹੀ ਬੇਇਨਸਾਫ਼ੀ ਵਿਰੁੱਧ ਦ੍ਰਿੜਤਾ ਨਾਲ ਖੜ੍ਹਣ ਅਤੇ ਹਰ ਹੀਲੇ ਹੱਕ ਸੱਚ ਦੀ ਰਾਖੀ ਕਰਨ ਦਾ ਪੈਗਾਮ ਦਿੰਦੀ ਹੈ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾ ਕੇ ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ ਸਨ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਪ੍ਰੇਰਨਾ ਦੇ ਕੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਚ ਦੀਪਮਾਲਾ ਕਰਵਾਈ ਸੀ, ਜਿਸ ਯਾਦ ਵਿਚ ਸਮੁੱਚਾ ਖ਼ਾਲਸਾ ਪੰਥ ਬੰਦੀਛੋੜ ਦਿਵਸ ਮਨਾਉਂਦਾ ਆ ਰਿਹਾ ਹੈ। ਗੁਰੂ ਕਾਲ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਦੀਆਂ ਸਿੱਖ ਰਵਾਇਤਾਂ ਅਨੁਸਾਰ 'ਬੰਦੀ-ਛੋੜ ਦਿਵਸ' ਮਨਾਉਣ ਦੀ ਪਰੰਪਰਾ ਮੁੜ ਸੁਰਜੀਤ ਕੀਤੀ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਸਿੱਧਾ ਸਬੰਧ ਵੀ ਬੰਦੀ-ਛੋੜ ਦਿਵਸ ਨਾਲ ਹੀ ਜੁੜਦਾ ਹੈ।


ਖ਼ਾਲਸਾ ਜੀ! ਗੁਰੂ ਸਾਹਿਬਾਨ ਦੇ ਪਾਵਨ ਚਰਨਾਂ ਦੀ ਛੋਹ ਨਾਲ ਪਵਿੱਤਰ ਹੋਇਆ ਪੰਜਾਬ ਦਾ ਚੱਪਾ-ਚੱਪਾ ਕੁਦਰਤੀ ਨੂਰ ਨਾਲ ਰੁਸ਼ਨਾਇਆ ਹੋਇਆ ਹੈ। ਇਥੋਂ ਹੀ ਗੁਰੂ ਸਾਹਿਬਾਨ ਨੇ ਲੋਕਾਈ ਨੂੰ ਅੰਧਕਾਰ ਰੂਪੀ ਵਹਿਮਾਂ-ਭਰਮਾਂ ਨੂੰ ਤਿਆਗ ਕੇ 'ਗੁਰਬਾਣੀ ਇਸੁ ਜਗ ਮਹਿ ਚਾਨਣੁ ਦੇ ਦੇਵੀ-ਗਿਆਨ ਅਧੀਨ ਜੀਵਨ ਜਿਊਣ ਦਾ ਇਕ ਮਾਣਮੱਤਾ ਮਾਰਗ ਦਿਖਾਇਆ ਸੀ । ਇਸ ਨੂੰ ਹੀ ਪ੍ਰੋ. ਪੂਰਨ ਸਿੰਘ ਨੇ 'ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਦੇ ਸ਼ਬਦਾਂ ਰਾਹੀਂ ਰੂਪਮਾਨ ਕੀਤਾ ਹੈ। ਇਹ ਵਿਚਾਰਧਾਰਾ ਹੀ ਪੰਜਾਬ ਤੇ ਸਿੱਖ ਪੰਥ ਦੀ ਵਿਰਾਸਤ ਹੈ। ਇਹ ਪੰਥ ਤੇ ਪੰਜਾਬ ਦਾ ਭਵਿੱਖ ਵੀ ਹੈ। ਸਿੱਖ-ਪੰਥ ਤੇ ਗੁਰੂ ਗ੍ਰੰਥ ਸਾਡੀ ਮਾਣਮੱਤੀ ਵਿਰਾਸਤ ਹੈ। ਇਹ ਦੋਵੇਂ ਖ਼ਾਲਸਾ ਪੰਥ ਦੀਆਂ ਜੀਵੰਤ ਸੰਸਥਾਵਾਂ ਹਨ।