Amritsar News: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਅੱਜ ਪਿੰਡ ਵੱਲ੍ਹਾ ਦੇ ਗੁਰਦੁਆਰਾ ਗੁਰਿਆਣਾ ਸਾਬ੍ਹ ਵਿੱਚ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਦੱਸਿਆ ਕਿ 10 ਨਵੰਬਰ ਤੋਂ ਦਿੱਲੀ ਅੰਦੋਲਨ 2 ਵਿੱਚ ਜਿਲ੍ਹੇ ਅੰਮ੍ਰਿਤਸਰ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ, ਜਿਸ ਦੀਆਂ ਪਿੰਡ ਅਤੇ ਜੋਨ ਪੱਧਰ ਤੇ ਤਿਆਰੀਆਂ ਸ਼ੁਰੂ ਕਰਨ ਲਈ ਪ੍ਰੋਗਰਾਮ ਉਲੀਕੇ ਗਏ ਹਨ।


COMMERCIAL BREAK
SCROLL TO CONTINUE READING

ਜ਼ਿਲ੍ਹਾ ਖਜਾਨਚੀ ਕੰਧਾਰ ਸਿੰਘ ਭੋਏਵਾਲ, ਸਕੱਤਰ ਸਿੰਘ ਕੋਟਲਾ ਅਤੇ ਬਾਜ਼ ਸਿੰਘ ਸਾਰੰਗੜਾ ਨੇ ਦੱਸਿਆ ਕਿ ਔਰਤ ਵਰਗ ਨੂੰ ਜਥੇਬੰਦਕ ਕਰਕੇ ਸੰਘਰਸ਼ ਦੀ ਲਹਿਰ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਕਰਨ ਦੀ ਲੋੜ ਨੂੰ ਮੱਦੇ ਨਜ਼ਰ ਰੱਖਦਿਆਂ ਸੂਬਾ ਪੱਧਰ ਤੇ ਔਰਤਾਂ ਦੇ ਜਥੇਬੰਦਕ ਢਾਂਚੇ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਅਰੰਭੇ ਕਾਰਜ ਤਹਿਤ ਆਉਂਦੇ ਦਿਨਾਂ ਵਿੱਚ ਪਿੰਡ ਅਤੇ ਜੋਨ ਪੱਧਰੀ ਟੀਮਾਂ ਤਿਆਰ ਕਰਨ ਅਤੇ ਕਮੇਟੀਆਂ ਚੁਣਨ ਲਈ ਪ੍ਰੋਗਰਾਮ ਤਹਿ ਕੀਤੇ ਗਏ ਹਨ।


ਉਹਨਾਂ ਦੱਸਿਆ ਕਿ ਪਿੰਡ ਪੱਧਰੀ ਮੀਟਿੰਗਾਂ ਉਪਰੰਤ ਇਸ ਮਹੀਨੇ ਦੇ ਅਖੀਰ ਵਿੱਚ ਔਰਤਾਂ ਦੀਆਂ ਵੱਡੀਆਂ ਕਨਵੈਨਸ਼ਨਾਂ ਕਰਕੇ ਲਾਮਬੰਦੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਐਮ ਐਸ ਪੀ ਗਰੰਟੀ ਕਾਨੂੰਨ, ਮਨਰੇਗਾ ਤਹਿਤ ਮਜਦੂਰਾਂ ਲਈ 200 ਦਿਨ ਰੁਜਗਾਰ ਅਤੇ 700 ਦਿਹਾੜੀ ਦੀ ਮੰਗ ਸਮੇਤ 12 ਮੰਗਾਂ ਲਈ ਜਾਰੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਪ੍ਰਚਾਰ ਪ੍ਰੋਗਰਾਮ ਤਿਆਰ ਕੀਤੇ ਹਨ ਅਤੇ ਪਿੰਡ ਪੱਧਰ ਤੇ ਝੋਨੇ ਦੀ ਉਗਰਾਹੀ ਅਤੇ ਪਿੰਡਾਂ ਵਿੱਚ ਵੱਡੇ ਫੰਡ ਇੱਕਠੇ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਇਸ ਮੌਕੇ ਬਲਦੇਵ ਸਿੰਘ ਬੱਗਾ, ਬਲਵਿੰਦਰ ਸਿੰਘ ਰੁਮਾਣਾਚੱਕ, ਗੁਰਦੇਵ ਸਿੰਘ ਗਗੋਮਾਹਲ, ਕੁਲਜੀਤ ਸਿੰਘ ਕਾਲੇ, ਸਵਿੰਦਰ ਸਿੰਘ ਰੂਪੋਵਾਲੀ ਸਮੇਤ ਵੱਖ ਵੱਖ ਜੋਨਾਂ ਦੇ ਪ੍ਰਧਾਨ ਸਕੱਤਰ, ਖਜਾਨਚੀ ਅਤੇ ਸੀਨੀਅਰ ਆਗੂ ਹਾਜ਼ਿਰ ਹੋਏ।