Amritsar News: ਪੰਚਾਇਤੀ ਚੋਣਾਂ ਨੂੰ ਲੈ ਕੇ ਹੋਏ ਝਗੜੇ `ਚ ਇਕ ਔਰਤ ਦੀ ਮੌਤ, ਦੋ ਵਿਅਕਤੀ ਹੋਏ ਜ਼ਖਮੀ
Amritsar News: ਪੁਲਿਸ ਅਧਿਕਾਰੀ ਅਮਨਦੀਪ ਸਿੰਘ ਮੌਕੇ `ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 27 ਦੇ ਕਰੀਬ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
Amritsar News(ਭਰਤ ਸ਼ਰਮਾ): ਅੰਮ੍ਰਿਤਸਰ ਪੰਚਾਇਤੀ ਚੋਣਾਂ ਨੂੰ ਲੈ ਕੇ ਆਪਸੀ ਰੰਜਿਸ਼ ਅਤੇ ਪਾਰਟੀ ਬਾਜੀ ਜੇ ਚਲਦੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਥਾਣਾ ਲੋਪੋਕੇ ਦੇ ਪਿੰਡ ਕਮਾਸਕੇ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਹੋਏ ਝਗੜੇ 'ਚ ਇਕ ਔਰਤ ਦਾ ਕਤਲ ਹੋ ਗਿਆ ਅਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਤਰਸੇਮ ਸਿੰਘ ਨੇ ਦੋਸ਼ ਲਾਇਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਨੂੰ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ ਸਨ ਜਿਸ ਕਰਕੇ ਤਕਰਾਰ ਹੋ ਗਈ ਜਿਸ ਦੇ ਚੱਲਦੇ ਅਸੀਂ ਆਪਣੇ ਪਿੰਡ ਵਾਪਸ ਆ ਗਏ ਅਤੇ ਸਾਰੇ ਇਕੱਠੇ ਬੈਠ ਕੇ ਗੱਲਬਾਤ ਕਰਨ ਲੱਗ ਪਏ। ਇਸ ਦੌਰਾਨ ਦੂਜੀ ਧਿਰ ਦੇ ਰੰਜਿਸ਼ ਕਾਰਨ ਪਿੰਡ ਦੇ ਮੇਜਰ ਸਿੰਘ ਬਿੱਟੂ, ਸੁਖਬੀਰ ਸਿੰਘ, ਆਲਮ, ਸ਼ਰਨਜੀਤ, ਜਗਰੂਪ, ਰਣਜੀਤ, ਟੀਟੂ ਆਦਿ ਨੇ 315 ਬੋਰ ਦੀ ਪਿਸਤੌਲ, 12 ਬੋਰ ਦੀ ਰਾਈਫਲ ਨਾਲ ਲੈਸ ਹੋ ਕੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਵਾਰ ਕੀਤੇ।
ਉਨ੍ਹਾਂ ਕਿਹਾ ਕਿ ਸਿਰ ਵਿਚ ਸੱਟ ਲੱਗਣ ਕਾਰਨ ਕੁਲਦੀਪ ਕੌਰ ਦੀ ਦਰਦਨਾਕ ਮੌਤ ਹੋ ਗਈ ਅਤੇ ਸ਼ਮਸ਼ੇਰ ਸਿੰਘ ਅਤੇ ਪ੍ਰੇਮ ਸਿੰਘ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਸਾਡੇ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਇਸ ਮੌਕੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਸੀਂ ਮ੍ਰਿਤਕ ਦਾ ਅੰਤਿਮ ਸਸਕਾਰ ਨਹੀਂ ਕਰਾਂਗੇ। ਇਸ ਸਬੰਧੀ ਉਨ੍ਹਾਂ ਦੂਜੀ ਧਿਰ ਨੇ ਉਕਤ ਵਿਅਕਤੀਆਂ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਕਤ ਧੜੇ ਨੇ ਸਾਡੇ 'ਤੇ ਗੋਲੀ ਚਲਾ ਦਿੱਤੀ ਅਤੇ ਸਾਡੇ ਦੋ ਵਿਅਕਤੀ ਜਗਰੂਪ ਸਿੰਘ ਅਤੇ ਗੁਰਪ੍ਰੀਤ ਜ਼ਖ਼ਮੀ ਹੋ ਗਏ, ਜੋ ਹਸਪਤਾਲ 'ਚ ਜ਼ੇਰੇ ਇਲਾਜ ਹਨ।
ਪੁਲਿਸ ਅਧਿਕਾਰੀ ਅਮਨਦੀਪ ਸਿੰਘ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 27 ਦੇ ਕਰੀਬ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪਰਿਵਾਰ ਵੱਲੋਂ ਦੋ ਹੋਰ ਨਾਮ ਦਾਖਲ ਕਰਵਾਏ ਗਏ ਹਨ ਜਿਨ੍ਹਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।