Amritsar News: ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਖ਼ਰਾਬ ਕਰਨ ਵਾਲੀ ਬਿਆਨਬਾਜ਼ੀ ਦੀ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਕੀਤੀ ਨਿਖੇਧੀ
Amritsar News: ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਖ਼ਰਾਬ ਕਰਨ ਵਾਲੀ ਬਿਆਨਬਾਜ਼ੀ ਦੀ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਕੀਤੀ ਨਿਖੇਧੀ, ਕਿਹਾ; ਐਡਵੋਕੇਟ ਧਾਮੀ ਕਮਜ਼ੋਰ ਨਹੀਂ, ਬਲਕਿ ਪੰਥਕ ਸੋਚ ਦੇ ਅਸਲ ਪਹਿਰੇਦਾਰ
Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਸ. ਚਰਨਜੀਤ ਸਿੰਘ ਬਰਾੜ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਕਸ ਨੂੰ ਜਾਣਬੁਝ ਕੇ ਖਰਾਬ ਕਰਨ ਦੀ ਮਨਸ਼ਾ ਨਾਲ ਕੀਤੀ ਗਈ ਬਿਆਨਬਾਜ਼ੀ ਦੀ ਕਰੜੀ ਨਿਖੇਧੀ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਜਰਨਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਅਤੇ ਵੱਡੀ ਗਿਣਤੀ ਸ਼੍ਰੋਮਣੀ ਕਮੇਟੀ ਮੈਂਬਰ ਜਿਨ੍ਹਾਂ ਵਿਚ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਭਾਈ ਅਮਰਜੀਤ ਸਿੰਘ ਚਾਵਲਾ, ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਕਾਹਲੋਂ, ਚਰਨ ਸਿੰਘ ਆਲਮਗੀਰ, ਗੁਰਬਚਨ ਸਿੰਘ ਕਰਮੂੰਵਾਲਾ, ਸ. ਅਮਰਜੀਤ ਸਿੰਘ ਭਲਾਈਪੁਰ, ਅਮਰਜੀਤ ਸਿੰਘ ਬੰਡਾਲਾ, ਜੋਧ ਸਿੰਘ ਸਮਰਾ, ਭਾਈ ਰਾਮ ਸਿੰਘ, ਫੁੰਮਣ ਸਿੰਘ, ਕੌਰ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ,ਬਲਵਿੰਦਰ ਸਿੰਘ ਭੰਮਾਂਲੰਡਾ, ਬੀਬੀ ਜੋਗਿੰਦਰ ਕੌਰ ਸ਼ਾਮਲ ਸਨ, ਨੇ ਸ. ਚਰਨਜੀਤ ਸਿੰਘ ਬਰਾੜ ਦਾ ਕਰੜਾ ਨੋਟਿਸ ਲੈਂਦਿਆਂ ਕਿਹਾ ਕਿ ਰਾਜਸੀ ਹਿੱਤਾਂ ਦੀ ਖ਼ਾਤਰ ਸਿੱਖ ਸੰਸਥਾ ਅਤੇ ਇਸ ਦੇ ਅਹੁਦੇਦਾਰਾਂ ’ਤੇ ਬੇਬੁਨਿਆਦ ਇਲਜ਼ਾਮ ਲਗਾਉਣੇ ਸ. ਚਰਨਜੀਤ ਸਿੰਘ ਦੀ ਘਟੀਆ ਹਰਕਤ ਹੈ।
ਸ਼੍ਰੋਮਣੀ ਕਮੇਟੀ ਆਗੂਆਂ ਨੇ ਕਿਹਾ ਕਿ ਜਿਥੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ-ਮੁਕਤੀ ਦਾ ਸਵਾਲ ਹੈ, ਇਹ ਕਿਸੇ ਇਕ ਮਤੇ ਨਾਲ ਲਿਆ ਜਾਣ ਵਾਲਾ ਫੈਸਲਾ ਨਹੀਂ ਹੈ ਸਗੋਂ ਇਸ ਵਾਸਤੇ ਸਮੁੱਚੇ ਪੰਥ ਦੀ ਸਹਿਮਤੀ ਮਹੱਤਵਪੂਰਨ ਹੈ। ਇਸ ਲਈ ਪੰਥ ਦੀਆਂ ਜਥੇਬੰਦੀਆਂ, ਸੰਪ੍ਰਦਾਵਾਂ ਦੀ ਰਾਇ ਬਿਨਾਂ ਨਵਾਂ ਵਿਧਾਨ ਨਹੀਂ ਘੜਿਆ ਜਾ ਸਕਦਾ ਅਤੇ ਜਾਣਬੁਝ ਕੇ ਇਸ ਪੰਥਕ ਮੁੱਦੇ ਨੂੰ ਉਲਝਾਉਣਾ ਕੌਮ ਵਿਰੋਧੀ ਭਾਵਨਾ ਦਾ ਪ੍ਰਗਟਾਵਾ ਹੈ।
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਸ. ਬਰਾੜ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਮਜ਼ੋਰ ਪ੍ਰਧਾਨ ਕਹਿਣਾ ਇਕ ਸਤਿਕਾਰਤ ਪੰਥਕ ਸ਼ਖ਼ਸੀਅਤ ਦਾ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਕਮਜ਼ੋਰ ਨਹੀਂ, ਬਲਕਿ ਪੰਥਕ ਸੋਚ ਦੇ ਅਸਲ ਪਹਿਰੇਦਾਰ ਹਨ, ਜਿਨ੍ਹਾਂ ਨੇ ਹਮੇਸ਼ਾ ਹੀ ਪੰਥਕ ਮਾਮਲਿਆਂ ਵਿਚ ਅੱਗੇ ਹੋ ਕੇ ਕਾਰਜ ਕੀਤੇ ਹਨ। ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਉਨ੍ਹਾਂ ਵੱਲੋਂ ਪੰਥਕ ਸੰਸਥਾਵਾਂ, ਸਿੱਖ ਬੁੱਧੀਜੀਵੀਆਂ ਅਤੇ ਕਾਨੂੰਨੀ ਮਾਹਿਰਾਂ ਨਾਲ ਇਕੱਤਰਤਾਵਾਂ ਕਰਕੇ ਇਸ ਮਾਮਲੇ ਨੂੰ ਕੌਮੀ ਪੱਧਰ ’ਤੇ ਉਠਾਇਆ, ਜਿਸ ਨਾਲ ਇਸ ਮਾਮਲੇ ਦੀ ਚਰਚਾ ਵਿਦੇਸ਼ਾਂ ਤੱਕ ਹੋਈ। ਬੰਦੀ ਸਿੰਘਾਂ ਸਬੰਧੀ ਦਿੱਲੀ ਵਿਖੇ ਕੀਤਾ ਜਾਣ ਵਾਲਾ ਰੋਸ ਮਾਰਚ ਰੱਦ ਕਰਨ ਦੇ ਦੋਸ਼ ਬਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਖਿਆ ਕਿ ਇਹ ਪੰਜ ਮੈਂਬਰੀ ਕਮੇਟੀ ਦੇ ਦਿੱਲੀ ਨਾਲ ਸਬੰਧਤ ਇਕ ਆਗੂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੇ ਪੱਤਰ ਦੇ ਮੱਦੇਨਜ਼ਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਣ ਲਈ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨਾ ਅਤੇ ਗੁਰਬਾਣੀ ਪ੍ਰਸਾਰਣ ਦੇ ਸਾਰੇ ਅਧਿਕਾਰ ਆਪਣੇ ਪਾਸ ਲੈਣਾ ਵੀ ਸ. ਧਾਮੀ ਦਾ ਇਕ ਵੱਡਾ ਫੈਸਲਾ ਹੈ। ਚੈਨਲ ਬਾਰੇ ਗੁੰਮਰਾਹਕੁੰਨ ਬਿਆਨ ਕੇਵਲ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ, ਜਦਕਿ ਚੈਨਲ ਦਾ ਮਾਮਲਾ ਕੇਂਦਰ ਸਰਕਾਰ ਦੇ ਅਧਿਕਾਰ ਵਿਚ ਹੈ, ਜਿਸ ਬਾਰੇ ਨਿਰੰਤਰ ਯਤਨ ਜਾਰੀ ਹਨ। ਮੈਂਬਰਾਂ ਨੇ ਕਿਹਾ ਕਿ ਮੌਜੂਦਾ ਸਮੇਂ ਬਣੇ ਪੰਥਕ ਹਾਲਾਤਾਂ ਵਿਚ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਸਥਾ ਦੇ ਮੁਖੀ ਵਜੋਂ ਆਪਣੀ ਜ਼ੁੰਮੇਵਾਰੀ ਬਾਖ਼ੂਬੀ ਨਿਭਾਈ ਹੈ। ਅਹੁਦੇਦਾਰਾਂ ਨੇ ਕਿਹਾ ਕਿ ਸਿਆਸੀ ਹਿੱਤਾਂ ਲਈ ਸਿੱਖ ਸੰਸਥਾ ਅਤੇ ਅਹੁਦੇਦਾਰਾਂ ਖਿਲਾਫ਼ ਬਿਆਨਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ।