Amritsar News: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੱਲ੍ਹ ਐਚਡੀਐਫਸੀ ਬੈਂਕ ਡਕੈਤੀ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਇੱਕ ਲੱਖ ਰੁਪਏ, ਇੱਕ 32 ਬੋਰ ਰਿਵਾਲਵਰ, 5 ਜ਼ਿੰਦਾ ਕਾਰਤੂਸ, 2 ਮੋਬਾਈਲ ਫੋਨ ਅਤੇ ਇੱਕ ਵਾਹਨ ਵੀ ਬਰਾਮਦ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਅੰਮ੍ਰਿਤਸਰ ਦਿਹਾਤੀ ਸ੍ਰੀ ਚਰਨਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 20 ਦਸੰਬਰ ਨੂੰ ਨਵਾਂ ਪਿੰਡ ਜੰਡਿਆਲਾ ਵਿਖੇ ਐਚਡੀਐਫਸੀ ਬੈਂਕ ਸ਼ਾਖਾ ਵਿੱਚ ਰਿਵਾਲਵਰ ਦੀ ਨੋਕ 'ਤੇ 3,96,340 ਰੁਪਏ ਦੀ ਲੁੱਟ ਹੋਈ ਸੀ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ, ਐਸਪੀਡੀ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਥਾਣਾ ਜੰਡਿਆਲਾ ਦੇ ਮੁੱਖ ਅਫ਼ਸਰ ਨੇ ਐਚਡੀਐਫਸੀ ਬੈਂਕ ਮੈਨੇਜਰ ਦੀ ਸ਼ਿਕਾਇਤ 'ਤੇ ਧਾਰਾ 309(2) ਬੀਐਨਐਸ, 25 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ। 


ਜਿਸ ਤੋਂ ਬਾਅਦ ਸੀਆਈਏ ਸਟਾਫ ਅਤੇ ਥਾਣਾ ਜੰਡਿਆਲਾ ਦੀਆਂ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਥਿਊਰੀਆਂ 'ਤੇ ਮਿਹਨਤ ਨਾਲ ਕੰਮ ਕੀਤਾ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।


ਐਸਐਸਪੀ ਨੇ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਮ ਲਵਪ੍ਰੀਤ ਸਿੰਘ ਪੁੱਤਰ ਮੇਹਰ ਸਿੰਘ, ਵਾਸੀ ਪਿੰਡ ਸਰਹਾਲੀ ਖੁਰਦ, ਜ਼ਿਲ੍ਹਾ ਤਰਨਤਾਰਨ ਅਤੇ ਗੁਰਨੂਰ ਸਿੰਘ ਪੁੱਤਰ ਗੁਰਦੇਵ ਸਿੰਘ, ਵਾਸੀ ਪਿੰਡ ਕੱਲਾ, ਜ਼ਿਲ੍ਹਾ ਤਰਨਤਾਰਨ ਹਨ। ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਲੱਖ ਰੁਪਏ, ਇੱਕ 32 ਬੋਰ ਦਾ ਰਿਵਾਲਵਰ, ਪੰਜ ਜ਼ਿੰਦਾ ਕਾਰਤੂਸ, ਇੱਕ ਫੋਰਡ ਫਿਗੋ ਗੱਡੀ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ। 


ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਹੋਰ ਸਾਥੀਆਂ ਦਾ ਵੀ ਪਤਾ ਲਗਾਇਆ ਜਾ ਸਕੇ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਅਪਰਾਧੀਆਂ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।