Anandpur Sahib News: ਸਿੱਖਿਆ ਮੰਤਰੀ ਦੀ ਕੋਠੀ ਅੱਗੇ ਮਰਨ ਵਰਤ ਤੀਜੇ ਦਿਨ ਅਤੇ ਟੈਂਕੀ ਉੱਪਰ ਭੁੱਖ ਹੜਤਾਲ ਦੂਜੇ ਦਿਨ `ਚ ਸ਼ਾਮਲ
Anandpur Sahib News: ਯੂਨੀਅਨ ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਲਗਾਏ ਰੋਸ ਧਰਨੇ ਨੂੰ ਅੱਜ ਲਗਭਗ 25 ਦਿਨਾਂ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਪਰ ਸਰਕਾਰ ਨੇ ਹੁਣ ਤੱਕ ਸਿਵਾਏ ਲਾਰਿਆਂ ਤੋਂ ਕੁਝ ਵੀ ਨਹੀਂ ਦਿੱਤਾ।
Anandpur Sahib News(ਬਿਮਲ ਸ਼ਰਮਾ): ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਪਿਛਲੇ 25 ਦਿਨਾਂ ਤੋਂ ਰੋਸ ਧਰਨਾ ਦੇ ਰਹੇ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨੇ ਸ਼ੁੱਕਰਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਮੁੱਖ ਬਾਜ਼ਾਰਾਂ ਦੇ ਦੁਕਾਨਦਾਰਾਂ ਅਤੇ ਆਮ ਲੋਕਾਂ ਤੋਂ ਭੀਖ ਮੰਗ ਕੇ ਅਤੇ ਬੱਸ ਸਟੈਂਡ ਵਿਚ ਲੋਕਾਂ ਦੇ ਬੂਟ ਪਾਲਿਸ਼ ਕਰਕੇ ਪੰਜਾਬ ਸਰਕਾਰ ਖਿਲਾਫ ਅਨੋਖਾ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਯੂਨੀਅਨ ਦੇ ਨੁਮਾਇੰਦਿਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਪੈਂਫਲੇਟ ਵੀ ਵੰਡੇ। ਜਿਸ ਵਿੱਚ ਈਟੀਟੀ 5994 ਭਰਤੀ ਸਬੰਧੀ ਵੱਖ-ਵੱਖ ਮੰਗਾਂ ਦਾ ਜ਼ਿਕਰ ਕੀਤਾ ਗਿਆ।ਇਸ ਦੇ ਨਾਲ ਹੀ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਮਹਿਲਾ ਉਮੀਦਵਾਰ ਦਾ ਮਰਨ ਵਰਤ ਸ਼ੁੱਕਰਵਾਰ ਨੂੰ ਤੀਜੇ ਦਿਨ ਵੀ ਜਾਰੀ ਰਿਹਾ ਜਦਕਿ ਪਿਛਲੇ 22 ਦਿਨਾਂ ਤੋਂ ਟੈਂਕੀ ਉੱਪਰ ਬੈਠੇ ਹੋਏ ਦੋ ਪੁਰਸ਼ ਉਮੀਦਵਾਰ ਦੀ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਲਗਾਏ ਰੋਸ ਧਰਨੇ ਨੂੰ ਅੱਜ ਲਗਭਗ 25 ਦਿਨਾਂ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਪਰ ਸਰਕਾਰ ਨੇ ਹੁਣ ਤੱਕ ਸਿਵਾਏ ਲਾਰਿਆਂ ਤੋਂ ਕੁਝ ਵੀ ਨਹੀਂ ਦਿੱਤਾ। ਜਿਸ ਦੇ ਰੋਸ ਵਜੋਂ ਯੂਨੀਅਨ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਸਮੇਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ, ਬੱਸ ਸਟੈਂਡ ਵਿਖੇ ਸਵਾਰੀਆਂ ਅਤੇ ਡਰਾਈਵਰ ਕਨੈਕਟਰਾਂ ਸਮੇਤ ਸਮੇਤ ਆਮ ਲੋਕਾਂ ਤੋਂ ਭੀਖ ਮੰਗ ਕੇ ਅਤੇ ਲੋਕਾਂ ਦੇ ਬੂਟ ਪਾਲਿਸ਼ ਕਰਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਹੈ।
ਇੱਕ ਪਾਸੇ ਤਾਂ ਚੋਣ ਜਾਬਤੇ ਦੌਰਾਨ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਜਦਕਿ ਈਟੀਟੀ 5994 ਦੇ ਉਮੀਦਵਾਰਾਂ ਨੂੰ ਚੋਣ ਜਾਬਤੇ ਦਾ ਬਹਾਨਾ ਬਣਾ ਕੇ ਲਗਾਤਾਰ ਟਾਲਿਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਸਾਡੀ ਜੁਆਇਨਿੰਗ ਨਾ ਹੋਣ ਕਾਰਨ ਅਸੀਂ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਾਂ। ਸਾਡੇ ਵਿੱਤੀ ਹਾਲਾਤ ਵੀ ਬਹੁਤੇ ਚੰਗੇ ਨਹੀਂ ਹਨ। ਜਿਸ ਕਾਰਨ ਸਾਨੂੰ ਆਪਣੀ ਜ਼ਿੰਦਗੀ ਬਸਰ ਕਰਨ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਰਕਾਰ ਇਹ ਸਭ ਜਾਨਣ ਦੇ ਬਾਵਜੂਦ ਵੀ ਸਾਨੂੰ ਸਕੂਲਾਂ ਵਿੱਚ ਜੁਆਇਨ ਨਹੀਂ ਕਰਵਾ ਰਹੀ।
ਆਗੂਆਂ ਨੇ ਕਿਹਾ ਕਿ ਸਾਡਾ ਪੇਪਰ 28 ਜੁਲਾਈ 2024 ਨੂੰ ਹੋਇਆ ਸੀ। ਉਸ ਤੋਂ ਬਾਅਦ ਲਗਭਗ ਦੋ ਮਹੀਨੇ ਤੱਕ ਕੋਈ ਵੀ ਚੋਣ ਜਾਬਤਾ ਨਹੀਂ ਲੱਗਾ ਸੀ, ਜੇਕਰ ਸਰਕਾਰ ਦੀ ਜੁਆਇਨ ਕਰਵਾਉਣ ਦੀ ਨੀਅਤ ਹੁੰਦੀ ਤਾਂ ਸਾਨੂੰ ਜੁਆਇਨ ਕਰਵਾਇਆ ਜਾ ਸਕਦਾ ਸੀ ਪਰ ਸਰਕਾਰ ਸਿਰਫ ਉਸ ਸਮੇਂ ਵਿੱਚ ਡੰਗ ਟਪਾਈ ਕਰਦੀ ਰਹੀ ਹੈ ਅਤੇ ਹੁਣ ਚੋਣ ਜਾਬਤਾ ਲੱਗਣ ਕਾਰਨ ਚੋਣ ਜਾਬਤੇ ਦਾ ਬਹਾਨਾ ਬਣਾ ਰਹੀ ਹੈ।ਆਗੂਆਂ ਨੇ ਚੇਤਾਵਨੀ ਭਰੀ ਲਹਿਜੇ ਵਿੱਚ ਕਿਹਾ ਕਿ ਜੇਕਰ ਈਟੀਟੀ 5994 ਕਾਡਰ ਨੂੰ ਦਿਵਾਲੀ ਤੋਂ ਪਹਿਲਾਂ-ਪਹਿਲਾਂ ਸਕੂਲਾਂ ਵਿੱਚ ਜੁਆਇਨ ਨਾ ਕਰਵਾਇਆ ਗਿਆ ਤਾਂ ਜਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਹਰ ਇੱਕ ਹਲਕੇ ਵਿੱਚ ਉਮੀਦਵਾਰਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ।