ਵਿਰੋਧੀ ਧਿਰਾਂ `ਤੇ ਸੱਤਾ ਧਿਰ ਦਾ ਹਮਲਾ, ਸੰਸਦ ਵਿਚ ਗੈਰ ਹਾਜਰ ਰਹਿਣ ਵਾਲੇ ਆਗੂਆਂ ਨੂੰ ਪੁੱਛੇ ਸਵਾਲ
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ `ਤੇ ਹਮਲਾ ਕਰਦਿਆਂ ਕੰਗ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਆਪਣੇ ਆਪ ਨੂੰ `ਪੰਜਾਬ ਹਿਤੈਸ਼ੀ` ਕਹਿਣ ਵਾਲੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਇਕ ਵੀ ਮੁੱਦਾ ਨਹੀਂ ਉਠਾਇਆ।
ਚੰਡੀਗੜ: ਵਿਰੋਧੀ ਪਾਰਟੀਆਂ 'ਤੇ ਹਮਲਾ ਕਰਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਭਾਜਪਾ-ਅਕਾਲੀ ਦਲ ਅਤੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਪੰਜਾਬ ਨਾਲ ਸਬੰਧਤ ਇਕ ਵੀ ਮੁੱਦਾ ਨਹੀਂ ਚੁੱਕਿਆ। ਇਨ੍ਹਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਸਟੈਂਡ ਇਕ ਵਾਰ ਫਿਰ ਨੰਗਾ ਹੋ ਗਿਆ ਹੈ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੇ ਸਾਰੇ ‘ਆਪ’ ਸੰਸਦ ਮੈਂਬਰਾਂ ਨੇ ਪੰਜਾਬ ਨਾਲ ਸਬੰਧਤ ਮੁੱਦੇ ’ਤੇ ਕਈ ਸਵਾਲ ਖੜ੍ਹੇ ਕੀਤੇ ਜਦਕਿ ਕਾਂਗਰਸ, ਅਕਾਲੀ ਅਤੇ ਭਾਜਪਾ ਦੇ ਸੰਸਦ ਮੈਂਬਰਾਂ ਨੇ ਵੀ ਸੈਸ਼ਨ ਵਿਚ ਸ਼ਾਮਲ ਹੋਣ ਦੀ ਖੇਚਲ ਨਹੀਂ ਕੀਤੀ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ 'ਤੇ ਹਮਲਾ ਕਰਦਿਆਂ ਕੰਗ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਆਪਣੇ ਆਪ ਨੂੰ 'ਪੰਜਾਬ ਹਿਤੈਸ਼ੀ' ਕਹਿਣ ਵਾਲੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਇਕ ਵੀ ਮੁੱਦਾ ਨਹੀਂ ਉਠਾਇਆ। ਲੋਕ ਸਭਾ ਵਿਚ ਵੀ ਉਨ੍ਹਾਂ ਦੀ ਹਾਜ਼ਰੀ ਸਿਰਫ਼ 15% ਸੀ। ਇਸ ਦੇ ਨਾਲ ਹੀ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਅਤੇ ਭਾਜਪਾ ਦੇ ਸੰਨੀ ਦਿਓਲ ਨੇ ਵੀ ਪੰਜਾਬ ਨਾਲ ਸਬੰਧਤ ਕੋਈ ਮੁੱਦਾ ਸੰਸਦ ਵਿਚ ਨਹੀਂ ਉਠਾਇਆ। ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਘੱਟ ਹਾਜ਼ਰੀ ਉਨ੍ਹਾਂ ਦੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਗੰਭੀਰਤਾ ਨੂੰ ਦਰਸਾਉਂਦੀ ਹੈ।
ਕੰਗ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਆਗੂਆਂ ਨੇ ਕੇਂਦਰ ਸਰਕਾਰ ਨਾਲ ਮਿਲੀਭੁਗਤ ਕਰਕੇ ਪੰਜਾਬ ਦੇ ਹੱਕਾਂ ਦਾ ਘਾਣ ਕੀਤਾ ਹੈ। ਉਹ ਕਦੇ ਵੀ ਪੰਜਾਬੀਆਂ ਦੇ ਅਸਲ ਮੁੱਦਿਆਂ ਨੂੰ ਉਠਾਉਣ ਲਈ ਝੁਕਦੇ ਨਹੀਂ ਹਨ। ਕੰਗ ਨੇ ਦੱਸਿਆ ਕਿ ‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ, ਅਸ਼ੋਕ ਮਿੱਤਲ, ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਨੇ ਦੇਸ਼ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ, ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ, ਹਰਿਮੰਦਰ ਸਾਹਿਬ ਨੇੜੇ ਸਰਾਵਾਂ ’ਤੇ ਜੀਐਸਟੀ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਮੁੱਦਿਆਂ ਨੂੰ ਸੰਬੋਧਨ ਕੀਤਾ।