Jagraon News:  (ਰਜਨੀਸ਼ ਬਾਂਸਲ): ਜਗਰਾਓਂ ਦੇ ਥਾਣਾ ਸਿੱਧਵਾਂ ਬੇਟ ਅਧੀਨ ਆਉਂਦੇ ਪਿੰਡ ਅੱਕੂਵਾਲ,ਬਾਘੀਆਂ ਵਿੱਚ ਦੇਰ ਰਾਤ ਹੁੰਦੀ ਨਾਜਾਇਜ਼ ਮਾਇਨਿੰਗ ਦੇ ਚਲਦੇ ਬੀਤੀ ਰਾਤ ਪੁਲਿਸ ਪਾਰਟੀ ਤੇ ਹੋਇਆ ਹਮਲਾ,ਇਕ ਥਾਣੇਦਾਰ ਨੇ ਮੁਸ਼ਕਿਲ ਨਾਲ ਬਚਾਇਆ ਆਪਣੇ ਆਪ ਨੂੰ। ਸੂਤਰਾਂ ਅਨੁਸਾਰ ਹਵਾਈ ਫਾਇਰ ਕਰਕੇ ਪੁਲਿਸ ਨੇ ਭਜਾਏ 20 ਤੋ 25 ਬੰਦੇ। ਪੁਲਿਸ ਪਾਰਟੀ ਤੇ ਹਮਲਾ ਕਰਨ ਵਾਲਿਆਂ ਵਿੱਚੋ ਇਕ ਪੁਲਿਸ ਨੇ ਕੀਤਾ ਕਾਬੂ,8 ਤੇ ਬਾਈ ਨੇਮ ਕੀਤਾ ਮਾਮਲਾ ਦਰਜ ਤੇ ਜਲਦੀ ਹੀ ਸਾਰਿਆਂ ਨੂੰ ਕਾਬੂ ਕਰਨ ਦਾ ਕੀਤਾ ਦਾਅਵਾ।

COMMERCIAL BREAK
SCROLL TO CONTINUE READING

ਜਗਰਾਓਂ ਦੇ ਥਾਣਾ ਸਿੱਧਵਾਂ ਬੇਟ ਦੀ ਚੌਂਕੀ ਗਿੱਦੜਵਿੰਡੀ ਦੇ ਪਿੰਡ ਬਾਘੀਆਂ, ਕੰਨੀਆਂ, ਅੱਕੁਵਾਲ ਤੇ ਗੋਰਸੀਆਂ ਖ਼ਾਨ ਮੁਹੰਮਦ ਵਿੱਚ ਹੁੰਦੀ ਨਾਜਾਇਜ਼ ਮਾਈਨਿੰਗ ਆਮ ਲੋਕਾਂ ਲਈ ਜਿੱਥੇ ਸਿਰਦਰਦੀ ਬਣੀ ਹੋਈ ਹੈ,ਉਥੇ ਹੀ ਬੀਤੀ ਰਾਤ ਇਸ ਨਾਜਾਇਜ਼ ਮਾਈਨਿੰਗ ਨੂੰ ਰੋਕਣ ਗਈ ਪੁਲਿਸ ਪਾਰਟੀ ਉਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਹਮਲਾ ਵੀ ਕਰ ਦਿੱਤਾ। ਇਸ ਦੌਰਾਨ ਮਾਈਨਿੰਗ ਮਾਫੀਆ ਨੇ ਪੁਲਿਸ ਪਾਰਟੀ ਉਪਰ ਸ਼ਰਾਬ ਦੀਆਂ ਬੋਤਲਾਂ ਮਾਰੀਆਂ। ਪੁਲਿਸ ਪਾਰਟੀ ਨੇ ਹਵਾਈ ਫਾਇਰ ਕਰਕੇ ਆਪਣੇ ਆਪ ਨੂੰ ਬਚਾ ਤਾਂ ਲਿਆ ਪਰ ਅੱਜ ਪੱਤਰਕਾਰਾਂ ਕੋਲ ਹਵਾਈ ਫਾਇਰ ਕਰਨ ਦੀ ਗੱਲ ਨਹੀਂ ਮੰਨੀ।


ਇਸ ਮੌਕੇ ਜਿੱਥੇ ਰਾਤ ਨੂੰ ਪਿੰਡ ਬਾਘੀਆਂ ਤੇ ਪਿੰਡ ਅੱਕੂਵਾਲ ਵਿੱਚ ਹੁੰਦੀ ਨਾਜਾਇਜ਼ ਮਾਇਨਿੰਗ ਦੀ CCTV ਫੁਟੇਜ ਵੀ ਸਾਹਮਣੇ ਆਈ, ਉਥੇ ਹੀ ਕੁਝ ਪਿੰਡਾਂ ਵਿੱਚ ਦਰਿਆ ਵਿੱਚੋਂ ਪਹਿਲਾਂ ਹੀ ਕੱਢ ਕੇ ਰੱਖੇ ਗਏ ਰੇਤੇ ਦੇ ਪਹਾੜ ਦੀ ਵੀਡਿਓ ਵੀ ਸਾਹਮਣੇ ਆਈ। ਇਥੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਬਰਸਾਤੀ ਸੀਜ਼ਨ ਦੌਰਾਨ ਸਤਲੁਜ ਦਰਿਆ ਵਿੱਚੋਂ ਰੇਤਾ ਕੱਢਣ ਦੀ ਮਨਜ਼ੂਰੀ ਨਹੀਂ ਹੈ ਤਾਂ ਇਹ ਰੇਤੇ ਦੇ ਪਹਾੜ ਕਿਵੇਂ ਲੱਗ ਗਏ ਤੇ ਮਾਈਨਿੰਗ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਿਆ ਜਾਂ ਦੋਵੇਂ ਵਿਭਾਗਾਂ ਨੇ ਜਾਣਬੁੱਝ ਕੇ ਕੋਈ ਕਾਰਵਾਈ ਨਹੀਂ ਕੀਤੀ।


ਇਸ ਮੌਕੇ ਕੁਲ ਹਿੰਦ ਕਿਸਾਨ ਮਜ਼ਦੂਰ ਸਭਾ ਦੇ ਆਗੂਆਂ ਨੇ ਜਿੱਥੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਉਥੇ ਹੀ ਉਨ੍ਹਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਜੁਲਾਈ ਤੋਂ ਸ਼ੁਰੂ ਹੋਏ ਬਰਸਾਤੀ ਸੀਜ਼ਨ ਦੇ ਚੱਲਦਿਆਂ ਜਿੱਥੇ ਸਤੰਬਰ ਤੱਕ ਮਾਈਨਿੰਗ ਪੂਰੀ ਤਰ੍ਹਾਂ ਬੰਦ ਹੈ, ਫਿਰ ਰਾਤ ਨੂੰ ਇਹ ਮਾਈਨਿੰਗ ਕਰਨ ਵਾਲੇ ਕੌਣ ਹਨ ਤੇ ਬਿਨਾਂ ਪੁਲਿਸ ਦੇ ਡਰ ਤੋਂ ਅਤੇ ਬਿਨਾਂ ਕਿਸੇ ਰਾਜਸੀ ਸ਼ਹਿ ਤੋਂ ਇਹ ਮਾਈਨਿੰਗ ਕਰਨ ਦੀ ਹਿੰਮਤ ਕਿਵੇਂ ਕਰ ਲੈਂਦੇ ਹਨ।


ਇਸ ਮੌਕੇ ਉਨ੍ਹਾਂ ਨੇ ਰਾਤ ਨੂੰ ਹੁੰਦੀ ਨਾਜਾਇਜ਼ ਮਾਈਨਿੰਗ ਦੀ CCTV ਫੁਟੇਜ ਵੀ ਪੱਤਰਕਾਰਾਂ ਤੇ ਪੁਲਿਸ ਨੂੰ ਦਿੱਤੀ ਤੇ ਉਨ੍ਹਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਮਾਈਨਿੰਗ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਵੀ ਮੰਗ ਕੀਤੀ ਹੈ।


ਇਸ ਮੌਕੇ ਜਦੋਂ ਚੌਂਕੀ ਗਿੱਦੜਵਿੰਡੀ ਦੇ ਚੌਂਕੀ ਇੰਚਾਰਜ ਰਾਜਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਰਸਾਤੀ ਸੀਜਨ ਦੇ ਚੱਲਦੇ ਰੇਤੇ ਦੀਆਂ ਖੱਡਾਂ ਵਿੱਚੋਂ ਠੇਕੇਦਾਰਾਂ ਵੱਲੋਂ ਤਾਂ ਕੰਮ ਬੰਦ ਕੀਤਾ ਹੋਇਆ ਹੈ ਪਰ ਲਾਲਚ ਵਿਚ ਆ ਕੇ ਕੁਝ ਲੋਕ ਸਤਲੁਜ ਦਰਿਆ ਵਿੱਚੋ ਰੇਤੇ ਦੀਆਂ ਟਰਾਲੀਆਂ ਭਰਦੇ ਹਨ। ਸੂਚਨਾ ਜਦੋਂ ਬੀਤੀ ਰਾਤ ਪੁਲਿਸ ਨੂੰ ਮਿਲੀ ਤਾਂ ਪੁਲਿਸ ਪਾਰਟੀ ਜਦੋਂ ਪਿੰਡ ਬਾਘੀਆਂ ਪਹੁੰਚੀ ਤਾਂ ਕੁਝ 20-25 ਬੰਦਿਆਂ ਨੇ ਪੁਲਿਸ ਪਾਰਟੀ ਉਤੇ ਸ਼ਰਾਬ ਦੀਆਂ ਬੋਤਲਾਂ ਮਾਰਕੇ ਹਮਲਾ ਕਰ ਦਿੱਤਾ, ਜਿੱਥੇ ਇਸ ਹਮਲੇ ਵਿੱਚ ਉਨ੍ਹਾਂ ਦਾ ਵੀ ਬਚਾਅ ਹੋਇਆ ਤੇ ਇਸ ਮਾਮਲੇ ਵਿਚ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਜਲਦੀ ਹੀ ਬਾਕੀ ਲੋਕਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।


ਇਸ ਮੌਕੇ ਜਦੋਂ ਉਨ੍ਹਾਂ ਤੋਂ ਹਵਾਈ ਫਾਇਰ ਕਰਕੇ ਆਪਣੀ ਜਾਨ ਬਚਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਹਵਾਈ ਫਾਇਰ ਕੀਤੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਤਾਂ ਸ਼ਰਾਬ ਦੀਆਂ ਬੋਤਲਾਂ ਟੁੱਟੇ ਜਾਣ ਦੀ ਆਵਾਜ਼ ਸੀ।