ਆਸਟ੍ਰੇਲੀਆ ਨੇ ਕਾਮਿਆਂ ਦੀ ਘਾਟ ਨੂੰ ਦੇਖਦਿਆਂ PR ਦੀ ਹੱਦ 35,000 ਤੋਂ ਵਧਾ ਕੇ 1,95,000 ਕੀਤੀ
ਆਸਟਰੇਲੀਆ ਨੇ ਬਾਹਰਲੇ ਮੁਲਕਾਂ ’ਚੋਂ ਕੰਮ ਕਰਨ ਲਈ ਆਉਣ ਵਾਲੇ ਕਾਮਿਆਂ ਦੀ ਗਿਣਤੀ 35 ਹਜ਼ਾਰ ਤੋਂ ਵਧਾ ਕੇ 1 ਲੱਖ 95 ਹਜ਼ਾਰ ਕਰਨ ਦਾ ਫ਼ੈਸਲਾ ਕੀਤਾ ਹੈ।
ਚੰਡੀਗੜ੍ਹ: ਆਸਟਰੇਲੀਆ ਨੇ ਬਾਹਰਲੇ ਮੁਲਕਾਂ ’ਚੋਂ ਕੰਮ ਕਰਨ ਲਈ ਆਉਣ ਵਾਲੇ ਕਾਮਿਆਂ ਦੀ ਗਿਣਤੀ 35 ਹਜ਼ਾਰ ਤੋਂ ਵਧਾ ਕੇ 1 ਲੱਖ 95 ਹਜ਼ਾਰ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸੰਬਧੀ ਗ੍ਰਹਿ ਮਾਮਲਿਆਂ ਦੀ ਮੰਦੀ ਕਲੇਅਰ ਓ'ਨੀਲ (Clare O'Neil) ਨੇ ਦੱਸਿਆ ਕਿ ਮਹਾਂਮਾਰੀ ਤੋਂ ਬਾਅਦ ਕਾਮਿਆਂ ਦੀ ਵੱਡੇ ਪੱਧਰ ’ਤੇ ਘਾਟ ਪੈਦਾ ਹੋ ਗਈ ਹੈ।
ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਸਰਕਾਰ, ਟਰੇਡ ਯੂਨੀਅਨਾਂ, ਕਾਰੋਬਾਰਾਂ ਅਤੇ ਉਦਯੋਗਾਂ ਦੇ ਨੁਮਾਇੰਦਿਆਂ ਦੇ 2 ਦਿਨ ਦੇ ਸੰਮੇਲਨ ਦੌਰਾਨ 30 ਜੂਨ, 2023 ਨੂੰ ਖਤਮ ਹੋਣ ਵਾਲੇ ਵਿਤੀ ਸਾਲ ਲਈ ਵਾਧੇ ਦਾ ਐਲਾਨ ਕੀਤਾ। ਮੰਤਰੀ ਓ'ਨੀਲ ਨੇ ਦੱਸਿਆ ਕਿ ਆਸਟਰੇਲੀਆ ’ਚ ਨਰਸਾਂ ਪਿਛਲੇ 2-3 ਸਾਲਾਂ ਦੌਰਾਨ ਡਬਲ ਸ਼ਿਫ਼ਟਾਂ ’ਚ ਕੰਮ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਸਟਾਫ਼ ਦੀ ਘਾਟ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਪੱਕੇ ਹੋਏ ਫ਼ਲਾਂ ਨੂੰ ਦਰਖਤਾਂ ’ਤੇ ਹੀ ਸੜਨ ਲਈ ਛੱਡ ਦਿੱਤਾ ਗਿਆ ਹੈ, ਕਿਉਂਕਿ ਕਾਮਿਆਂ ਦੀ ਘਾਟ ਕਾਰਨ ਉਨ੍ਹਾਂ ਫ਼ਲਾਂ ਨੂੰ ਤੋੜਣ ਵਾਲਾ ਕੋਈ ਨਹੀਂ ਹੈ।
ਮੰਤਰੀ ਓ'ਨੀਲ ਨੇ ਕਿਹਾ ਕਿ ਸਾਡਾ ਦੇਸ਼ ਹਮੇਸ਼ਾ ਆਸਟਰੇਲੀਆ ਦੇ ਨਾਗਿਰਕਾਂ ਨੂੰ ਨੌਕਰੀਆਂ ’ਚ ਪ੍ਰਾਥਮਿਕਤਾ ਦਿੰਦਾ ਹੈ। ਇਹ ਹੀ ਕਾਰਨ ਹੈ ਕਿ ਅਸੀਂ ਔਰਤਾਂ ਦੀ ਟ੍ਰੇਨਿੰਗ ਅਤੇ ਭਾਗੀਦਾਰੀ ’ਤੇ ਵਿਸ਼ੇਸ਼ ਧਿਆਨ ਦੇ ਰਹੇ ਹਾਂ।
ਸਾਨੂੰ ਕੋਰੋਨਾ ਮਹਾਂਮਾਰੀ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਵੇਂ ਅਸੀਂ ਇਸ ਘਾਟ ਨੂੰ ਪੂਰਾ ਕਰਨ ਲਈ ਕਈ ਪਹਿਲੂਆਂ ’ਤੇ ਕੰਮ ਕੀਤਾ ਹੈ, ਇਸ ਦੇ ਬਾਵਜੂਦ ਅਸੀਂ ਕਾਮਿਆਂ ਦੀ ਘਾਟ ਨਾਲ ਜੂਝ ਰਹੇ ਹਾਂ। ਅਸੀਂ ਇਸ ਘਾਟ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਕੰਮ ਕਰਾਂਗੇ।