ਕੈਨੇਡਾ ਡਿਪੋਰਟ ਮਾਮਲਾ: ਮਦਦ ਲਈ ਅੱਗੇ ਆਏ ਸੰਤ ਸੀਚੇਵਾਲ, ਭਾਰਤੀ ਸਰਕਾਰ ਨੂੰ ਕੀਤੀ ਇਹ ਮੰਗ !
Canadian Deportation Case:ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ ਵੱਲੋਂ ਸੱਤ ਸੌ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਪੱਤਰ ਜਾਰੀ ਕੀਤੇ ਜਾਣ ਤੋਂ ਬਾਅਦ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਨੂੰ ਮੰਗ ਪੱਤਰ ਲਿਖਿਆ।
Canadian Deportation Case: ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ ਵੱਲੋਂ ਸੱਤ ਸੌ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਪੱਤਰ ਜਾਰੀ ਕੀਤੇ ਜਾਣ ਤੋਂ ਬਾਅਦ ਜਿੱਥੇ ਟਰੈਵਲ ਏਜੰਟਾਂ ਵਿੱਚ ਹਲਚਲ ਮਚ ਗਈ ਹੈ। ਇਸ ਦੇ ਨਾਲ ਹੀ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Balbir Singh Seechewal) ਨੇ ਕੈਨੇਡਾ ਸਰਕਾਰ ਦੀ ਤਰਫੋਂ 700 ਪੰਜਾਬੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਰੋਕਣ ਲਈ ਭਾਰਤ ਸਰਕਾਰ ਦੇ ਦਖਲ ਦੀ ਮੰਗ ਕੀਤੀ ਹੈ।
ਸੰਤ ਸੀਚੇਵਾਲ (Balbir Singh Seechewal) ਨੇ ਵਿਦੇਸ਼ ਮੰਤਰੀ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਇਨ੍ਹਾਂ 700 ਪੰਜਾਬੀ ਵਿਦਿਆਰਥੀਆਂ ਨੇ ਲੱਖਾਂ ਰੁਪਏ ਕੈਨੇਡੀਅਨ ਸਰਕਾਰ ਨੂੰ ਫੀਸ ਵਜੋਂ ਦਿੱਤੇ ਹਨ, ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਸੰਤ ਸੀਚੇਵਾਲ ਦਾ ਕਹਿਣਾ ਹੈ ਕਿ ਟਰੈਵਲ ਏਜੰਟਾਂ ਨੇ ਵਿਦਿਆਰਥੀਆਂ ਨਾਲ ਠੱਗੀ ਮਾਰੀ ਹੈ। ਇਸ ਦੇ ਲਈ ਟਰੈਵਲ ਏਜੰਟਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ 700 ਬੇਕਸੂਰ ਵਿਦਿਆਰਥੀਆਂ ਖਿਲਾਫ ਜੋ ਆਪਣਾ ਭਵਿੱਖ ਬਣਾਉਣ ਲਈ ਉੱਥੇ ਗਏ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਕਰਜ਼ਾ ਚੁੱਕ ਕੇ ਫੀਸਾਂ ਭਰੀਆਂ ਹਨ। ਉਨ੍ਹਾਂ ਵਿਦੇਸ਼ ਮੰਤਰੀ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕਰਦਿਆਂ ਕੈਨੇਡਾ ਸਰਕਾਰ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਹੈ। ਇਸ ਮਾਮਲੇ ਨੂੰ ਸੰਸਦ 'ਚ ਵੀ ਉਠਾਉਣਗੇ।
ਵਿਦੇਸ਼ ਮੰਤਰੀ ਨੂੰ ਲਿਖੇ ਇੱਕ ਹੋਰ ਪੱਤਰ ਵਿੱਚ ਸੰਤ ਸੀਚੇਵਾਲ ਨੇ ਮਸਕਟ ਵਿੱਚ ਫਸੀ ਪੀੜਤ ਔਰਤ ਨੂੰ ਪੰਜਾਬ ਵਾਪਸ ਭੇਜਣ ਦਾ ਮੁੱਦਾ ਵੀ ਉਠਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੀੜਤ ਪਰਿਵਾਰ ਵੱਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ। ਉਸ ਨੇ ਪੱਤਰ ਵਿੱਚ ਕਿਹਾ ਹੈ ਕਿ ਮਸਕਟ ਸਥਿਤ ਭਾਰਤੀ ਦੂਤਾਵਾਸ ਦੇ ਕਹਿਣ ’ਤੇ ਹੀ ਉਸ ਵੱਲੋਂ ਸਵਰਨਜੀਤ ਕੌਰ ਨਾਂ ਦੀ ਔਰਤ ਲਈ ਟਿਕਟ ਭੇਜੀ ਗਈ ਸੀ।
ਭਾਰਤੀ ਦੂਤਾਵਾਸ ਦੀ ਅਣਗਹਿਲੀ ਕਾਰਨ ਪੀੜਤ ਔਰਤ ਪੰਜਾਬ ਨਹੀਂ ਆ ਸਕੀ ਅਤੇ ਟਿਕਟ ਵੀ ਬਰਬਾਦ ਹੋ ਗਈ। ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਪੀੜਤ ਔਰਤ ਨੂੰ ਵਾਪਸ ਨਾ ਭੇਜਣ ਦੇ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।