Sidhu MooseWala: ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਲੈਕੇ ਅੱਜ ਮਾਨਸਾ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਮੁਲਜ਼ਮਾਂ ਦੀ ਪੇਸ਼ੀ ਹੋਈ। ਅਦਾਲਤ ਵਿੱਚ ਮੁਲਜ਼ਮ ਜਗਤਾਰ ਸਿੰਘ ਮੂਸਾ, ਚਰਨਜੀਤ ਸਿੰਘ ਚੇਤਨ, ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵੱਲੋਂ ਖੁੱਦ ਨੂੰ ਬੇਕਸੂਰ ਦੱਸਦੇ ਹੋਏ ਡਿਸਚਾਰਜ ਕਰਨ ਦੀ ਐਪਲੀਕੇਸ਼ਨ ਲਗਾਈ ਹੈ ਅਤੇ ਇਸ ਉੱਤੇ ਹੁਣ 27 ਮਾਰਚ ਨੂੰ ਅਦਾਲਤ ਵਿੱਚ ਬਹਿਸ ਹੋਵੇਗੀ। ਮਾਨਸਾ ਪੁਲਿਸ ਵੱਲੋਂ ਸਟੇਟਸ ਰਿਪੋਰਟ 'ਤੇ ਵੀ ਰਿਪਲਾਈ ਦਿੱਤਾ ਜਾਵੇਗਾ। ਮੂਸੇਵਾਲਾ ਕਤਲ ਮਾਮਲੇ ਵਿੱਚ ਅਗਲੀ ਸੁਣਵਾਈ 5 ਅਪ੍ਰੈਲ ਨੂੰ ਹੋਵੇਗੀ।


COMMERCIAL BREAK
SCROLL TO CONTINUE READING

ਸੁਣਵਾਈ ਦੇ ਲਈ ਪਹੁੰਚੇ ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਉਹਨਾਂ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਪਰ ਅਦਾਲਤ ਉੱਤੇ ਪੂਰਾ ਭਰੋਸਾ ਹੈ। ਉਹਨਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਅੱਜ ਤੱਕ ਅਦਾਲਤ ਵਿੱਚ ਕੋਈ ਵੀ ਰਿਪਲਾਈ ਪੰਜਾਬ ਪੁਲਿਸ ਵੱਲੋਂ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਮਰਹੂਮ ਮੂਸੇਵਾਲਾ ਦਾ ਕੋਈ ਵੀ ਸਬੰਧ ਗੈਂਗਸਟਰਾਂ ਨਾਲ ਪੰਜਾਬ ਪੁਲਿਸ ਜਾਂ ਕੋਈ ਹੋਰ ਸ਼ਖ਼ਸ ਸਾਬਿਤ ਕਰ ਦੇਵੇ ਤਾਂ ਉਹ ਚੁੱਪ ਬੈਠ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਦੇ ਇਨਸਾਫ ਦੀ ਮੰਗ ਨਹੀਂ ਕਰਨਗੇ।


ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਉੱਤੇ ਸਰਕਾਰ ਵੱਲੋਂ ਸਬੂਤ ਮੰਗੇ ਜਾਣ ਸਬੰਧੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਰਕਾਰ ਮੀਡੀਆ ਦਾ ਦੁਰਉਪਯੋਗ ਕਰਕੇ ਸਾਰੇ ਮਾਮਲੇ ਨੂੰ ਕੇਂਦਰ ਸਰਕਾਰ ਉੱਤੇ ਸੁੱਟ ਕੇ ਆਪਣਾ ਪੱਲਾ ਝਾੜਨਾ ਚਾਹੁੰਦੀ ਹੈ। ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਜਲਦਬਾਜ਼ੀ ਦੇ ਵਿੱਚ ਫੈਸਲਾ ਲੈ ਲੈਂਦੇ ਹਨ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਯੂ ਟਰਨ ਲੈਣਾ ਪੈਂਦਾ ਹੈ।


ਬਲਕੌਰ ਸਿੰਘ ਨੇ ਕਿਹਾ ਕਿ ਬੱਚੇ ਦੇ ਅਡੋਪਟ ਕਰਨ ਸਬੰਧੀ ਉਹਨਾਂ ਵੱਲੋਂ ਮਾਨਸਾ ਦੇ ਐਸਐਮਓ ਅਤੇ ਬਠਿੰਡਾ ਦੇ ਐਸਐਮਓ ਨੂੰ ਜਾਣਕਾਰੀ ਦਿੱਤੀ ਗਈ ਅਤੇ ਸਮੇਂ ਸਮੇਂ ਉੱਤੇ ਟੀਕਾਕਰਨ ਵੀ ਕਰਵਾਉਂਦੇ ਰਹੇ ਹਨ ਪਰ ਹੁਣ ਸਿਹਤ ਵਿਭਾਗ ਉਹਨਾਂ ਕੋਲ ਹਸਪਤਾਲ ਵਿੱਚ ਪਹੁੰਚ ਕੇ ਪਰੇਸ਼ਾਨ ਕਰ ਰਿਹਾ ਜਿਵੇਂ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਵੇ। ਉਹਨਾਂ ਕਿਹਾ ਕਿ ਇਸ ਦੀ ਜਾਣਕਾਰੀ ਮਾਨਸਾ ਸਿਹਤ ਵਿਭਾਗ ਨੂੰ ਸਮੇਂ-ਸਮੇਂ ਉੱਤੇ ਉਹਨਾਂ ਵੱਲੋਂ ਦਿੱਤੀ ਗਈ ਸੀ।