ਮੂਸੇਵਾਲਾ ਦੇ ਪਿਤਾ ਨੇ ਗਾਇਕ ਮਨਕੀਰਤ ਦੇ ਲਾਰੈਂਸ ਨਾਲ ਸਬੰਧਾਂ ’ਤੇ ਚੁੱਕੇ ਸਵਾਲ
ਹਾਲਾਂਕਿ ਮੂਸੇਵਾਲਾ ਦੀ ਪਿਤਾ ਬਲਕੌਰ ਸਿੰਘ ਨੇ ਗਾਇਕ ਦਾ ਨਾਮ ਨਹੀਂ ਲਿਆ, ਪਰ ਉਨ੍ਹਾਂ ਦੇ ਨਿਸ਼ਾਨੇ ’ਤੇ ਮਨਕੀਰਤ ਔਲਖ ਹੀ ਸਨ।
ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨਾਂ ਤੋਂ ਬਾਅਦ ਗਾਇਕ ਮਨਕੀਰਤ ਸਿੰਘ ਔਲਖ ਇੱਕ ਵਾਰ ਫੇਰ ਵਿਵਾਦਾਂ ’ਚ ਘਿਰ ਗਏ ਹਨ।
ਹਾਲਾਂਕਿ ਮੂਸੇਵਾਲਾ ਦੀ ਪਿਤਾ ਬਲਕੌਰ ਸਿੰਘ ਨੇ ਗਾਇਕ ਦਾ ਨਾਮ ਨਹੀਂ ਲਿਆ, ਪਰ ਉਨ੍ਹਾਂ ਦੇ ਨਿਸ਼ਾਨੇ ’ਤੇ ਮਨਕੀਰਤ ਔਲਖ ਹੀ ਸਨ।
ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਦੇ ਇਨਸਾਫ਼ ਲਈ ਦਸਤਖ਼ਤ ਮੁਹਿੰਮ (Signature Campign) ਵੀ ਸ਼ੁਰੂ ਕੀਤੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵਲੋਂ ਗੰਨ ਕਲਚਰ ਦੇ ਖ਼ਿਲਾਫ਼ ਲਏ ਫ਼ੈਸਲੇ ਦੀ ਤਾਰੀਫ਼ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਸਖ਼ਤੀ ਕੀਤੀ ਹੈ ਪਰ ਉਸਦੇ ਨਤੀਜੇ ਵੀ ਜ਼ਮੀਨੀ ਪੱਧਰ ’ਤੇ ਨਜ਼ਰ ਆਉਣੇ ਚਾਹੀਦੇ ਹਨ।
ਇਸ ਤੋਂ ਇਲਾਵਾ ਬਲਕੌਰ ਸਿੰਘ ਨੇ ਉਨ੍ਹਾਂ ਗਾਇਕਾਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਜੋ ਜੇਲ੍ਹਾਂ ’ਚ ਅਖਾੜੇ ਲਗਾਉਂਦੇ ਰਹੇ ਹਨ ਅਤੇ ਲਾਰੈਂਸ ਦੇ ਕਰੀਬੀਆਂ ਨੂੰ ਮਿਲਣ ਦੀਆਂ ਗੱਲਾਂ ਵੀ ਕਬੂਲਦੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਉਹ ਅਜਿਹੇ ਗਾਇਕਾਂ ਨੂੰ ਜਾਣਦੇ ਹਨ, ਜੋ ਜੇਲ੍ਹ ’ਚ ਲਾਰੈਂਸ ਲਈ ਗੀਤ ਗਾਉਂਦੇ ਰਹੇ ਹਨ। ਉਸ ਗਾਇਕ ਨੇ ਆਪਣੀ ਪੋਸਟ ’ਚ ਸਾਫ਼ ਲਿਖਿਆ ਹੈ ਕਿ ਲਾਰੈਂਸ ਬਿਸ਼ਨੋਈ ਉਸਦਾ ਭਰਾ ਹੈ।
ਦਰਅਸਲ ਗਾਇਕ ਮਨਕੀਰਤ ਔਲਖ ਨੇ ਸਾਲ 2014 ’ਚ ਆਪਣੇ ਇੰਸਟਾਗ੍ਰਾਮ ’ਤੇ ਪੋਸਟ ਸ਼ੇਅਰ ਕੀਤੀ ਸੀ। ਜਿਸ ’ਚ ਉਹ ਜੇਲ੍ਹ ’ਚ ਗੀਤ ਗਾਉਂਦੇ ਦਿਖਾਈ ਦੇ ਰਹੇ ਹਨ। ਪੋਸਟ ’ਚ ਮਨਕੀਰਤ ਨੇ ਲਿਖਿਆ ਕਿ ਸ਼ੋਅ ਤਾਂ ਬਹੁਤ ਲਾਏ ਹਨ, ਪਰ ਜੇਲ੍ਹ ’ਚ ਸ਼ੋਅ ਪਹਿਲੀ ਵਾਰ ਲਾਇਆ। ਕੱਲ੍ਹ ਸੀ ਆਪਣਾ ਸ਼ੋਅ ਰੋਪੜ ਜੇਲ੍ਹ ’ਚ ਮੇਰੇ ਵੀਰੇ ਲਾਰੈਂਸ ਬਿਸ਼ਨੋਈ ਹੁਰਾਂ ਨਾਲ। ਨਾਲੇ ਰੱਬ ਮੇਰੇ ਯਾਰਾਂ ’ਤੇ ਮਿਹਰ ਕਰੇ, ਜਲਦੀ ਇਹ ਸਭ ਬਾਹਰ ਆਉਣ। ਇਸ ਪੋਸਟ ’ਚ ਜ਼ਿਕਰ ਕੀਤਾ ਗਿਆ ਹੈ ਕਿ ਸ਼ੋਅ ਦਾ ਕਰਤਾ-ਧਰਤਾ ਵਿੱਕੀ ਮਿੱਢੂਖੇੜਾ ਸੀ।
ਉਨ੍ਹਾਂ ਕਿਹਾ ਜੇਕਰ ਸਰਕਾਰ ਕਹੇ ਤਾਂ ਉਹ ਅਜਿਹੀ ਚੈੱਟ (ਗੱਲਬਾਤ) ਦਾ ਸਬੂਤ ਵੀ ਦੇ ਸਕਦੇ ਹਨ, ਜਿਸ ’ਚ ਗਾਇਕ ਨੇ ਲਾਰੈਂਸ ਬਿਸ਼ਨੋਈ ਦੇ ਕਰੀਬੀਆਂ ਨਾਲ ਮੁਲਾਕਾਤ ਦੀ ਗੱਲ ਕਬੂਲ ਕੀਤੀ ਹੈ।