Bathinda News: ਪੰਜਾਬ ਦੇ ਵਿੱਚ ਚਾਈਨਾ ਡੋਰ ਦੀ ਵਰਤੋਂ ਅਤੇ ਖਰੀਦ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਗਈ ਹੈ। ਚਾਈਨਾ ਡੋਰ ਦੀ ਖਰੀਦ ਅਤੇ ਵਰਤੋ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ ਜਿਸ ਤਹਿਤ ਕਈ ਲੋਕਾਂ ਨੂੰ ਹੁਣ ਤੱਕ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ। ਹਾਲਾਂਕਿ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਉੱਥੇ ਹੀ ਦੂਸਰੇ ਪਾਸੇ ਲੋਕ ਬੇਖੌਫ ਹੋ ਕੇ ਹੁਣ ਵੀ ਇਸ ਦੀ ਵਰਤੋਂ ਸ਼ਰੇਆਮ ਕਰ ਰਹੇ ਹਨ , ਜਿਸ ਦਾ ਕੀ ਖਮਿਆਜ਼ਾ ਕਈ ਲੋਕਾਂ ਨੂੰ ਆਪਣੀ ਜਾਨ ਗਵਾ ਕੇ ਦੇਣਾ ਪੈਂਦਾ ਹੈ। ਚਾਈਨਾ ਡੋਰ ਦੇ ਕਾਰਨ ਹੁਣ ਤੱਕ ਅਨੇਕਾਂ ਹੀ ਲੋਕ ਆਪਣੀ ਜਾਨ ਗਵਾ ਬੈਠੇ ਹਨ ਅਤੇ ਕਈ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਏ ਹਨ।


COMMERCIAL BREAK
SCROLL TO CONTINUE READING

ਬਠਿੰਡਾ ਵਿੱਚ ਸੀਆਈ ਸਟਾਫ 2 ਅਤੇ ਥਾਣਾ ਥਰਮਲ ਦੀ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ ਚਾਈਨਾ ਡੋਰ ਦੇ 400 ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਤੀਸ਼ ਕੁਮਾਰ ਵੱਜੋਂ ਹੋਈ ਹੈ। ਪੁਲਿਸ ਨੇ ਇਹ ਬਰਾਮਦਗੀ ਬਠਿੰਡਾ ਦੇ ਗਿੱਲ ਪੱਤੀ ਨੇੜੇ ਬਣੇ ਇੱਕ ਗੋਦਾਮ ਵਿੱਚੋਂ ਕੀਤੀ ਹੈ। ਪੁਲਿਸ ਨੇ ਕਿਹਾ ਕਿ ਗੁਪਤ ਸੂਚਨਾ ਦੇ ਅਧਾਰ ਉੱਤੇ ਇਹ ਛਾਪੇਮਾਰੀ ਕੀਤੀ ਗਈ ਸੀ, ਜਿੱਥੋਂ ਇਹ ਡੋਰ ਬਰਾਮਦ ਹੋਈ ਹੈ।


ਬਠਿੰਡਾ ਸੀਆਈਏ ਸਟਾਫ 2 ਦੇ ਇੰਚਾਰਜ ਕਰਨਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਉੱਤੇ ਇਹ ਛਾਪੇਮਾਰੀ ਕੀਤੀ ਗਈ ਸੀ ਅਤੇ ਇਸ ਛਾਪੇਮਾਰੀ ਦੌਰਾਨ 400 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਹਨ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਡੋਰ ਕਿੱਥੋਂ ਲੈ ਕੇ ਆਇਆ ਸੀ ਅਤੇ ਉਸ ਨੇ ਇਸ ਨੂੰ ਕਿੱਥੇ ਸਪਲਾਈ ਕਰਨਾ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।