ਸਾਬਕਾ ਮੰਤਰੀ ਆਸ਼ੂ ਦੀ ਜ਼ਮਾਨਤ ਪਟੀਸ਼ਨ ਹੋਈ ਖ਼ਾਰਜ, ਮੁੜ ਭੇਜਿਆ ਪਟਿਆਲਾ ਜੇਲ੍ਹ
ਭ੍ਰਿਸ਼ਟਾਚਾਰ ਮਾਮਲੇ ’ਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ਨਾਮਨਜ਼ੂਰ ਹੋ ਗਈ ਹੈ।
ਚੰਡੀਗੜ੍ਹ: ਭ੍ਰਿਸ਼ਟਾਚਾਰ ਮਾਮਲੇ ’ਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ਨਾਮਨਜ਼ੂਰ ਹੋ ਗਈ ਹੈ। ਦੱਸ ਦੇਈਏ ਕਿ ਸਾਬਕਾ ਮੰਤਰੀ ਆਸ਼ੂ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਹਨ, ਵਿਜੀਲੈਂਸ ਦੁਆਰਾ ਆਸ਼ੂ ਨੂੰ 22 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਵਿਜੀਲੈਂਸ ਦਫ਼ਤਰ ’ਚ ਆਸ਼ੂ ਖ਼ਿਲਾਫ਼ ਸ਼ਿਕਾਇਤਾਂ ਦੇ ਲੱਗੇ ਢੇਰ
ਹੁਣ ਆਸ਼ੂ ਵਲੋਂ ਜ਼ਮਾਨਤ ਲਈ ਪਟੀਸ਼ਨ ਪਾਈ ਗਈ ਸੀ, ਜਿਸ ’ਤੇ 7 ਸਿਤੰਬਰ ਨੂੰ ਬਹਿਸ ਹੋਈ ਸੀ, ਅਦਾਲਤ ਵਲੋਂ ਸੁਣਵਾਈ ਲਈ ਅਗਲੀ ਤਾਰੀਕ 9 ਸਿਤੰਬਰ ਤੈਅ ਕੀਤੀ ਗਈ ਸੀ। ਇੱਥੇ ਦੱਸਣਾ ਬਣਦਾ ਹੈ ਕਿ ਹਾਲੇ ਤੱਕ ਆਸ਼ੂ ਖ਼ਿਲਾਫ਼ ਸਿਰਫ਼ ਇੱਕ ਘੁਟਾਲਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਉਸਦੇ ਖ਼ਿਲਾਫ਼ ਵਿਜੀਲੈਂਸ ਵਿਭਾਗ (Vigilance Bureau) ਦੇ ਦਫ਼ਤਰ ’ਚ ਸ਼ਿਕਾਇਤਾਂ ਦੇ ਢੇਰ ਲੱਗੇ ਹੋਏ ਹਨ।
7 ਆਰੋਪੀਆਂ ’ਚੋਂ ਸਿਰਫ਼ 2 ਨੂੰ ਹੀ ਵਿਜੀਲੈਂਸ ਕਰ ਸਕੀ ਗ੍ਰਿਫ਼ਤਾਰ
ਇਸ ਤੋਂ ਇਲਾਵਾ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ’ਚ ਵੀ ਵਿਜੀਲੈਂਸ ਦੇ ਹੱਥ ਕੁਝ ਖ਼ਾਸ ਸਫ਼ਲਤਾ ਨਹੀਂ ਲੱਗੀ ਹੈ, ਕਿਉਂਕਿ ਹਾਲੇ ਤੱਕ ਵਿਜੀਲੈਂਸ 7 ਆਰੋਪੀਆਂ ਚੋਂ ਸਿਰਫ਼ 2 ਨੂੰ ਹੀ ਗ੍ਰਿਫ਼ਤਾਰ ਕਰ ਸਕੀ ਹੈ। ਜਿਨ੍ਹਾਂ ’ਚ ਠੇਕੇਦਾਰ ਤੇਲੂਰਾਮ ਅਤੇ ਭਾਰਤ ਭੂਸ਼ਣ ਆਸ਼ੂ (Bharat bhushan ashu) ਸ਼ਾਮਲ ਹਨ। ਬਾਕੀ ਦੇ ਆਰੋਪੀ ਕਿਸੇ ਰਾਜਨੇਤਾ ਦੀ ਸ਼ਰਨ ’ਚ ਹਨ ਜਾਂ ਦੂਜੇ ਰਾਜਾਂ ’ਚ ਛੁਪੇ ਹੋਏ ਹਨ, ਇਹ ਜਾਂਚ ਦਾ ਵਿਸ਼ਾ ਹੈ। 5 ਆਰੋਪੀ ਜਗਰੂਪ ਸਿੰਘ, ਸੰਦੀਪ ਭਾਟੀਆ, ਰਾਕੇਸ਼ ਸਿੰਗਲਾ, ਮੀਨੂ ਮਲਹੋਤਰਾ ਅਤੇ ਇੰਦਰਜੀਤ ਇੰਦੀ ਪਿਛਲੇ 22 ਦਿਨਾਂ ਤੋਂ ਫ਼ਰਾਰ ਚੱਲ ਰਹੇ ਹਨ। ਉੱਥੇ ਹੀ ਇਸ ਘੁਟਾਲੇ ਨਾਲ ਸਬੰਧਤ 2 ਫ਼ਾਈਲਾਂ ਗਾਇਬ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਤੇ ਈਸੇਵਾਲ ਤੋਂ ਮਿਲੀਆਂ ਰਜਿਸਟਰੀਆਂ ਦੀ ਵੀ ਜਾਂਚ ਨਹੀਂ ਹੋਈ ਹੈ।
2,000 ਕਰੋੜ ਦਾ ਟੈਂਡਰ ਘੁਟਾਲਾ ਕਰਨ ਦੇ ਦੋਸ਼
ਪਿਛਲੀ ਕਾਂਗਰਸ ਦੀ ਸਰਕਾਰ (Congress government) ਦੌਰਾਨ ਮੰਤਰੀ ਰਹੇ ਆਸ਼ੂ ’ਤੇ ਆਪਣੇ ਸਾਥੀਆਂ ਨਾਲ ਮਿਲਕੇ 2 ਹਜ਼ਾਰ ਕਰੋੜ ਦਾ ਟਰਾਂਸਪੋਰਟੇਸ਼ਨ ਟੈਂਡਰ ਘੁਟਾਲਾ ਕਰਨ ਦੋਸ਼ ਲੱਗੇ ਹਨ। ਕਾਰਾਂ, ਦੁਪਹੀਆ ਵਾਹਨਾਂ ਦੇ ਨੰਬਰ ਲਾਕੇ ਹਾਸਲ ਕੀਤੇ ਗਏ ਟੈਡਰਾਂ ’ਚ ਕਰੋੜਾ ਰੁਪਏ ਗਬਨ ਕੀਤੇ ਗਏ। ਆਸ਼ੂ ’ਤੇ ਛੋਟੇ ਠੇਕੇਦਾਰਾਂ ਨੇ ਦੋਸ਼ ਲਗਾਏ ਕਿ ਪੰਜਾਬ ਦੀਆਂ ਅਨਾਜ ਮੰਡੀਆਂ ’ਚ ਲੇਬਰ ਅਤੇ ਟਰਾਂਸਪੋਰਟੇਸ਼ਨ ਦੇ ਟੈਂਡਰ ’ਚ ਗੜਬੜੀ ਕੀਤੀ ਗਈ। ਛੋਟੇ ਠੇਕੇਦਾਰਾਂ ਨੂੰ ਟੈਂਡਰ ਨਾ ਦੇਕੇ ਸਾਬਕਾ ਮੰਤਰੀ ਆਸ਼ੂ ਵਲੋਂ ਆਪਣੇ 20-25 ਕਰੀਬੀਆਂ ਨੂੰ ਫ਼ਾਇਦਾ ਪਹੁੰਚਾਇਆ ਗਿਆ।