Muktsar Sahib News: ਕੇਂਦਰ ਖਿਲਾਫ਼ ਰੋਸ ਵਜੋਂ ਬੱਸ ਮੁਲਾਜ਼ਮਾਂ ਦਾ ਵੱਡਾ ਐਲਾਨ, 52 ਤੋਂ ਵੱਧ ਸਵਾਰੀਆਂ ਨਹੀਂ ਬਿਠਾਉਣਗੇ
Muktsar Sahib News: ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਸਮੂਹ ਪੰਜਾਬ ਦੇ ਡਿਪੂਆਂ ਉਤੇ ਗੇਟ ਰੈਲੀ ਕੀਤੀ।
Muktsar Sahib News (ਅਨਮੋਲ ਸਿੰਘ ਵੜਿੰਗ): ਅੱਜ ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਸਮੂਹ ਪੰਜਾਬ ਦੇ ਡਿਪੂਆਂ ਉਤੇ ਗੇਟ ਰੈਲੀਆਂ ਕਰਦੇ ਹੋਏ ਡਿਪੂ ਸ੍ਰੀ ਮੁਕਤਸਰ ਸਾਹਿਬ ਦੇ ਗੇਟ ਉਤੇ ਸੂਬਾ ਆਗੂ ਗੁਰਪ੍ਰੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਸੂਬਾ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ।
ਮੁਲਾਜ਼ਮਾਂ ਨੂੰ ਮੰਗਾਂ ਪੂਰੀਆਂ ਹੋਣ ਦੀ ਬਜਾਏ ਝੂਠ ਹੀ ਪੱਲੇ ਪੈ ਰਹੇ ਹਨ ਅਤੇ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀ ਕਿਸੇ ਵੀ ਸਰਕਾਰ ਨੇ ਵੋਟਾਂ ਤੋਂ ਬਾਅਦ ਸਾਰ ਨਹੀਂ ਲਈ ਹੈ।
ਸੂਬੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਮਾਰੂ ਨੀਤੀਆਂ ਲਿਆ ਰਹੀ ਹੈ ਅਤੇ ਕੇਂਦਰ ਵਿੱਚ ਭਾਜਪਾ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਵਿੱਚ ਸੋਧ ਦੇ ਨਾਮ ਉਤੇ ਪੂਰੇ ਭਾਰਤ ਦੇ ਡਰਾਈਵਰਾਂ ਤੇ ਆਮ ਵਰਗ ਉਤੇ ਮਾਰੂ ਕਾਨੂੰਨ ਲਾਗੂ ਕਰਨ ਵੱਲ ਤੁਰੀ ਹੈ ਜਿਸ ਦਾ ਪੂਰੇ ਭਾਰਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਐਕਟ ਵਿੱਚ ਜੋ ਸੈਕਸ਼ਨ 106(2) ਬੀਐਨਐਸ ਵਿੱਚ ਡਰਾਈਵਰਾਂ ਨੂੰ 10 ਦੀ ਸਜ਼ਾ ਤੇ 7 ਲੱਖ ਜੁਰਮਾਨੇ ਦੀ ਸੋਧ ਕੀਤੀ ਹੈ, ਉਹ ਡਰਾਈਵਰਾਂ ਨਾਲ ਬਿਲਕੁਲ ਧੱਕੇਸ਼ਾਹੀ ਹੈ ਅਤੇ ਧਾਰਾ 104(2) ਵਿੱਚ ਸੋਧ ਜੋ ਕਿ ਕਿਸੇ ਦੋਸ਼ੀ ਨੂੰ ਗਵਾਹ ਬਣਾਉਣ ਦੀ ਗੱਲ ਕਹਿੰਦੀ ਹੈ ਉਹ ਭਾਰਤੀ ਸੰਵਿਧਾਨ ਦੀ ਧਾਰਾ 20(3)ਦੇ ਖਿਲਾਫ਼ ਹੋ ਸਕਦੀ ਹੈ।
ਇਸ ਲਈ ਸਾਰੇ ਵਰਗਾਂ ਦੇ ਡਰਾਈਵਰਾਂ ਵੱਲੋਂ ਇਸ ਐਕਟ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਹ ਸੋਧ ਵਾਲਾ ਐਕਟ ਕਿਸੇ ਵੀ ਕੀਮਤ ਉਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਭਾਰਤ ਦੀ ਮੋਦੀ ਸਰਕਾਰ ਵੱਲੋਂ ਵਾਰ-ਵਾਰ ਲੋਕ ਮਾਰੂ ਨੀਤੀਆਂ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਹੱਥੀਂ ਲੁੱਟ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਚੇਅਰਮੈਨ ਜਗਸੀਰ ਸਿੰਘ ਨੇ ਕਿਹਾ ਕਿ ਟਰਾਂਸਪੋਰਟ ਦੇ ਮੁਲਾਜ਼ਮ 100+ ਸਵਾਰੀ ਨੂੰ ਸਫ਼ਰ ਸਹੂਲਤ ਦੇ ਰਹੇ ਹਨ ਜਿਸ ਦੇ ਵਿਰੋਧ ਵਜੋਂ ਟਰਾਂਸਪੋਰਟ ਮੁਲਾਜ਼ਮਾਂ ਵੱਲੋਂ 52 ਸੀਟਾਂ ਵਾਲੀ ਬੱਸ ਵਿੱਚ 23 ਜਨਵਰੀ ਤੋਂ 52 ਸਵਾਰੀਆਂ ਨੂੰ ਸਫ਼ਰ ਕਰਵਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 23 ਨੂੰ ਲੁਧਿਆਣੇ ਵਿਖੇ ਟਰੱਕ ਯੂਨੀਅਨਾਂ ਅਤੇ ਪਨਬੱਸ ਪੀਆਰਟੀਸੀ ਦੀ ਕਨਵੈਨਸ਼ਨ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Punjab News: ਕੈਨੇਡਾ 'ਚ ਪੰਜਾਬ ਦੀਆਂ ਧੀਆਂ ਦੀ ਮਦਦ ਲਈ ਨਵਾਂ ਉਪਰਾਲਾ, ਡਿਸਟਰੈਸ ਹੈਲਪਲਾਈਨ ਕੀਤਾ ਸ਼ੁਰੂ