ਚੰਡੀਗੜ੍ਹ: ਭਾਜਪਾ ਹੁਣ ਯੂਪੀ, ਉੱਤਰਾਖੰਡ, ਮੱਧਪ੍ਰਦੇਸ਼ ਵਰਗੇ ਰਾਜਾਂ ਤੋਂ ਬਾਅਦ ਪੰਜਾਬ ’ਚ ਵੀ ਪੈਰ ਪਸਾਰਨ ਦਾ ਯਤਨ ਕਰ ਰਹੀ ਹੈ। ਜਿਸਦੇ ਚੱਲਦਿਆਂ ਭਾਜਪਾ ਵਲੋਂ ਸਿੱਖ ਚਿਹਰੇ ਨੂੰ ਅੱਗੇ ਕਰ ਚੋਣ ਮੈਦਾਨ ਫਤਿਹ ਕਰਨ ਦੀ ਤਿਆਰੀ ’ਚ ਹੈ। 


COMMERCIAL BREAK
SCROLL TO CONTINUE READING


ਅਕਾਲੀ ਦਲ ’ਚ ਹੁੰਦਿਆ ਭਾਜਪਾ ਤੋਂ MLA ਬਣੇ ਸਨ ਸਿਰਸਾ
ਪਾਰਟੀ ਦੇ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਸਿਰਸਾ ਨੂੰ ਪੰਜਾਬ ’ਚ ਭਾਜਪਾ ਦੀ ਕਮਾਨ ਸੌਂਪੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸਿਰਸਾ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਭਾਜਪਾ ਜੁਆਇੰਨ ਕੀਤੀ ਸੀ, ਸਾਲ 2017 ’ਚ ਅਕਾਲੀ ਦਲ ’ਚ ਹੁੰਦਿਆ ਉਹ ਭਾਜਪਾ ਦੇ ਚੋਣ ਨਿਸ਼ਾਨ ’ਤੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਬਣੇ। 
ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਉਹ ਪੰਜਾਬ ਦੇ ਦਰਜਨਾਂ ਵੱਡੇ ਸਿੱਖ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕਰਵਾ ਚੁੱਕੇ ਹਨ। ਇਸ ਦੇ ਨਾਲ ਹੀ ਉਹ ਕਿਸਾਨੀ, ਸਿੱਖ ਅਤੇ ਪੰਜਾਬ ਦੇ ਮਸਲਿਆਂ ’ਤੇ ਲਗਾਤਾਰ ਭਾਜਪਾ ਦਾ ਮਜ਼ਬੂਤੀ ਨਾਲ ਪੱਖ ਰੱਖਦੇ ਆ ਰਹੇ ਹਨ। 



ਅਮਿਤ ਸ਼ਾਹ ਨਾਲ ਬਿਨਾਂ ਸਮਾਂ ਲਏ ਮੁਲਾਕਾਤ ਕਰ ਸਕਦੇ ਹਨ ਸਿਰਸਾ
ਇਹ ਵੀ ਕਿਹਾ ਜਾ ਰਿਹਾ ਹੈ ਕਿ PM ਮੋਦੀ ਅਤੇ ਗ੍ਰਹਿ ਮੰਤਰੀ ਅਮਿਤਸ਼ਾਹ ਤੋਂ ਇਲਾਵਾ ਸੰਘ ਵੀ ਉਨ੍ਹਾਂ ਦੀ ਕਾਰਜਪ੍ਰਣਾਲੀ ਤੋਂ ਬੇਹੱਦ ਪ੍ਰਭਾਵਿਤ ਹੈ। ਦੱਸਿਆ ਜਾਂਦਾ ਹੈ ਕਿ ਭਾਜਪਾ ’ਚ ਸ਼ਾਮਲ ਹੋਏ ਸਿਰਸਾ ਹੀ ਅਜਿਹੇ ਲੀਡਰ ਹਨ, ਜੋ ਕਦੇ ਵੀ ਚਾਹੁਣ ਤਾਂ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ ਜਦਕਿ ਕਿਸੇ ਵੀ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਲੈਣਾ ਪੈਂਦਾ ਹੈ। 



ਪੰਜਾਬ ਦੀ ਸਿਆਸਤ ’ਚ ਸਿਰਸਾ ਦਾ ਅਹਿਮ ਰੋਲ
ਮੌਜੂਦਾ ਸਮੇਂ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਸਿਰਸਾ ਗਰੁੱਪ ਦਾ ਹੀ ਕਬਜ਼ਾ ਹੈ, ਸਿਰਸਾ ਜਿੱਥੇ ਜੱਟ ਸਿੱਖ ਹਨ, ਉੱਥੇ ਹੀ ਉਨ੍ਹਾਂ ਦਾ ਸਿੱਖੀ ਸਰੂਪ ਵੀ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ। ਭਾਜਪਾ ਪੰਜਾਬ ’ਚ ਅਕਾਲੀ ਦਲ ਨੂੰ ਢਾਹ ਲਾਉਣ ਲਈ ਸਿੱਖ ਚਿਹਰੇ ਦੀ ਭਾਲ ’ਚ ਸੀ, ਜੋ ਕਿ ਉਸਨੂੰ ਮਨਜਿੰਦਰ ਸਿੰਘ ਸਿਰਸਾ ਦੇ ਰੂਪ ’ਚ ਮਿਲ ਚੁੱਕਾ ਹੈ।