BJP SC cell News (ਦੇਵ ਅਨੰਦ ਸ਼ਰਮਾ): ਜਦੋਂ ਤੋਂ ਭਾਜਪਾ ਨੇ ਪੰਜਾਬ ਵਿੱਚ ਆਪਣੇ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਉਦੋਂ ਤੋਂ ਹੀ ਪੂਰੇ ਸੂਬੇ ਵਿੱਚ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਹੋ ਰਿਹਾ।


COMMERCIAL BREAK
SCROLL TO CONTINUE READING

ਭਾਜਪਾ ਦੇ ਹਰੇਕ ਉਮੀਦਵਾਰ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਾਰਨ ਹਾਲੇ ਤੱਕ ਭਾਜਪਾ ਉਮੀਦਵਾਰਾਂ ਨੇ ਪਿੰਡਾਂ ਵਿੱਚ ਆਪਣਾ ਚੋਣ ਪ੍ਰਚਾਰ ਸ਼ੁਰੂ ਹੀ ਨਹੀਂ ਕੀਤਾ ਹੈ।


ਜੇ ਗੱਲ ਕਰੀਏ ਫਰੀਦਕੋਟ ਹਲਕੇ ਦੀ ਤਾਂ ਇੱਥੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਹੰਸ ਰਾਜ ਹੰਸ ਨੂੰ ਚੋਣ ਪ੍ਰਚਾਰ ਦੌਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ।


ਕਰੀਬ 2 ਦਿਨ ਪਹਿਲਾਂ ਹਲਕਾ ਫ਼ਰੀਦਕੋਟ ਵਿੱਚ ਵਰਕਰ ਮੀਟਿੰਗ ਕਰਨ ਪਹੁੰਚੇ ਸਨ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਕਾਫਲੇ ਦੀਆਂ ਗੱਡੀਆਂ ਉਤੇ ਡੰਡੇ ਵੀ ਮਾਰੇ ਗਏ ਸਨ।


ਇਸ ਦੇ ਨਾਲ ਹੀ ਬੀਤੇ ਕੱਲ੍ਹ ਹਲਕਾ ਜੈਤੋ ਅਧੀਨ ਪੈਂਦੇ ਪਿੰਡ ਭਗਤੂਆਣਾ ਵਿਖੇ ਵਿਸਾਖੀ ਮੌਕੇ ਪਿੰਡ ਦੇ ਡੇਰੇ ਵਿੱਚ ਨਤਮਸਤਕ ਹੋਣ ਪਹੁੰਚੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਰਾਹ ਵਿੱਚ ਹੀ ਰੋਕ ਲਿਆ ਸੀ ਅਤੇ ਉਨ੍ਹਾਂ ਨੂੰ ਡੇਰੇ ਅੰਦਰ ਜਾਣ ਨਹੀਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੰਸ ਰਾਜ ਹੰਸ ਨੂੰ ਖਾਲੀ ਪਰਤਣਾ ਪਿਆ ਸੀ।


ਇਸ ਸਭ ਤੋਂ ਦੁਖੀ ਹੋ ਹੁਣ ਜ਼ਿਲ੍ਹਾ ਫਰੀਦਕੋਟ ਅਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਭਾਜਪਾ ਦੇ ਐਸਸੀ ਵਿੰਗ ਵੱਲੋਂ ਹੁਣ ਕਿਸਾਨਾਂ ਨੂੰ ਸਿੱਧੀ ਚਿਤਾਵਨੀ ਦਿੱਤੀ ਗਈ ਹੈ। ਅੱਜ ਫਰੀਦਕੋਟ ਤੋਂ ਭਾਜਪਾ ਦੇ ਦਲਿਤ ਨੇਤਾ ਪ੍ਰੇਮ ਸਿੰਘ ਸਫ਼ਰੀ ਦੇ ਘਰ ਭਾਜਪਾ ਦੇ ਐਸਸੀ ਵਿੰਗ ਦੇ ਆਗੂਆਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਉਨ੍ਹਾਂ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦਾ ਮੁਕਾਬਲਾ ਕਰਨ ਦੀ ਗੱਲ ਕਹੀ ਗਈ।


ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੇਮ ਸਿੰਘ ਸਫ਼ਰੀ ਨੇ ਕਿਹਾ ਕਿ ਕਿਸਾਨਾਂ ਨੂੰ ਬੇਸ਼ੱਕ ਆਪਣੀ ਗੱਲ ਰੱਖਣ ਤੇ ਵਿਰੋਧ ਕਰਨ ਦਾ ਹੱਕ ਹੈ ਪਰ ਹੁੱਲੜਬਾਜ਼ੀ ਕਰਨਾ ਜਾਇਜ਼ ਨਹੀਂ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਹੰਸ ਰਾਜ ਹੰਸ ਦਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ।


ਇਹ ਸਾਫ਼ ਜ਼ਾਹਿਰ ਹੋ ਰਿਹਾ ਕਿ ਜਨਰਲ ਲੋਕ ਐਸਸੀ ਸਮਾਜ ਦੇ ਬੰਦੇ ਦੀ ਜਿੱਤ ਯਕੀਨੀ ਹੁੰਦੀ ਵੇਖ ਕੇ ਉਸ ਦਾ ਨਿੱਜੀ ਤੌਰ ਉਤੇ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਭਾਜਪਾ ਦੇ ਐਸਸੀ ਵਿੰਗ ਵੱਲੋਂ ਉਹ ਕਿਸਾਨਾਂ ਨੂੰ ਚਿਤਾਵਨੀ ਦਿੰਦੇ ਹਨ ਕਿ ਹੁਣ ਅਸੀਂ ਤੁਹਾਡਾ ਜਵਾਬ ਦੇਵਾਂਗੇ, ਅਸੀਂ ਹੰਸ ਰਾਜ ਹੰਸ ਨੂੰ ਪਿੰਡਾਂ ਵਿੱਚ ਆਪਣੇ ਗਰੀਬ ਪਰਿਵਾਰਾਂ ਦੇ ਘਰਾਂ ਵਿੱਚ ਲੈ ਕੇ ਜਾਵਾਂਗੇ। 


ਉਨ੍ਹਾਂ ਨੇ ਕਿਹਾ ਕਿ ਵਿਰੋਧ ਕਰਨ ਵਾਲਾ ਹਰੇਕ ਕਿਸਾਨ ਮੋਦੀ ਸਰਕਾਰ ਦੀਆਂ ਭਲਾਈ ਸਕੀਮਾਂ ਜਿਨ੍ਹਾਂ ਵਿੱਚ ਮੁਫ਼ਤ ਅਨਾਜ, ਮੁਫ਼ਤ 5 ਲੱਖ ਦਾ ਇਲਾਜ, ਸਾਲ ਵਿੱਚ ਕਰੀਬ 8 ਹਜ਼ਾਰ ਰੁਪਏ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਦੇ ਐੱਸਸੀ ਵਿੰਗ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ ਤੇ ਆਈਜੀ ਫਰੀਦਕੋਟ ਨੂੰ ਮਿਲ ਕੇ ਇਹ ਮੰਗ ਕਰਾਂਗੇ ਕਿ ਵਿਰੋਧ ਕਰਨ ਦੇ ਨਾਮ ਉਤੇ ਹੁੱਲੜਬਾਜ਼ੀ ਰੋਕੀ ਜਾਵੇ।


ਇਹ ਵੀ ਪੜ੍ਹੋ : Ludhiana Sacrilege: ਗੁਰਦੁਆਰਾ ਸਿੰਘ ਸਭਾ 'ਚ ਸ਼ਖਸ ਵੱਲੋਂ ਬੇਅਦਬੀ ਦੀ ਕੋਸ਼ਿਸ਼, ਨੌਜਵਾਨ ਕਾਬੂ