Tarn taran News: ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀਐਸਐਫ ਨੇ ਵੀਰਵਾਰ ਨੂੰ ਨਸ਼ਿਆਂ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਹੈ। ਬੀਐਸਐਫ ਨੇ ਸਰਹੱਦੀ ਖੇਤਰ ’ਤੇ 13 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਇਹ ਸੂਬੇ ਵਿੱਚ ਨਸ਼ੇ ਦੀ ਸਭ ਤੋਂ ਵੱਡੀ ਬਰਾਮਦਗੀ ਮੰਨਿਆ ਜਾ ਰਿਹਾ ਹੈ। ਬੀਐਸਐਫ ਦੇ ਇੱਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।


COMMERCIAL BREAK
SCROLL TO CONTINUE READING

ਬੀਐਸਐਫ ਅਨੁਸਾਰ ਉਨ੍ਹਾਂ ਨੂੰ ਸਰਹੱਦੀ ਖੇਤਰ ਵਿੱਚ ਇੱਕ ਕੰਕਰੀਟ ਪਾਈਪ (ਹਿਊਮ ਪਾਈਪ) ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਤਰਨਤਾਰਨ ਦੇ ਪਿੰਡ ਕਲਸ਼ ਨੇੜੇ ਇੱਕ ਖੇਤ ਵਿੱਚੋਂ 6 ਪਲਾਸਟਿਕ ਦੀਆਂ ਬੋਤਲਾਂ ਵਿੱਚ ਭਰੀ 13.160 ਕਿਲੋ ਹੈਰੋਇਨ ਬਰਾਮਦ ਕੀਤੀ।


ਇਹ ਵੀ ਪੜ੍ਹੋ: Amritsar News:  ਅੰਮ੍ਰਿਤਸਰ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਜੋਰਾਂ 'ਤੇ, ਪਿੰਡ ਦੇ ਵਿਕਾਸ ਲਈ ਚੁਣਾਂਗੇ ਚੰਗਾ ਸਰਪੰਚ

ਬੁਲਾਰੇ ਨੇ ਦੱਸਿਆ ਕਿ ਬੀ.ਐਸ.ਐਫ ਦੀ ਖੁਫੀਆ ਸ਼ਾਖਾ ਤੋਂ ਪ੍ਰਾਪਤ ਹੋਈ ਸਹੀ ਸੂਚਨਾ ਅਤੇ ਜਵਾਨਾਂ ਦੀ ਤੁਰੰਤ ਕਾਰਵਾਈ ਨੇ ਇਸ ਵੱਡੀ ਖੇਪ ਨੂੰ ਬਰਾਮਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹੈਰੋਇਨ ਦੀ ਇਹ ਖੇਪ ਸਰਹੱਦ ਪਾਰ ਤੋਂ ਤਸਕਰੀ ਕਰਕੇ ਭਾਰਤ ਲਿਆਂਦੀ ਗਈ ਸੀ। ਇਸ ਤੋਂ ਪਹਿਲਾਂ ਕਿ ਨਸ਼ਿਆਂ ਦੀ ਇਹ ਵੱਡੀ ਖੇਪ ਨਸ਼ਾ ਤਸਕਰਾਂ ਦੇ ਹੱਥ ਲੱਗ ਜਾਂਦੀ, ਬੀਐਸਐਫ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।