Faridkot News: ਫਰੀਦਕੋਟ ਦੀ ਅਦਾਲਤ ਨੇ ਆਈਜੀ ਦੇ ਨਾਮ 'ਤੇ 20 ਲੱਖ ਰੁਪਏ ਦੀ ਰਿਸ਼ਵਤ ਵਸੂਲੀ ਦੇ ਮਾਮਲੇ ਵਿੱਚ ਐਸਪੀ ਫਰੀਦਕੋਟ ਗਗਨੇਸ਼ ਕੁਮਾਰ ਸ਼ਰਮਾ ਅਤੇ ਜਸਵਿੰਦਰ ਸਿੰਘ ਜੱਸੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਬੀਤੇ ਦਿਨ ਹੀ (5 ਮਾਰਚ) ਦੋਵਾਂ ਮੁਲਜ਼ਮਾਂ ਨੇ ਵਿਜਿਲੈਂਸ ਬਿਊਰੋ ਸਹਾਮਣੇ ਆਤਮ ਸਮਰਪਣ ਕੀਤਾ ਸੀ। ਇਸ ਮਾਮਲੇ ਵਿੱਚ ਡੀਐਸਪੀ ਸੁਸ਼ੀਲ ਕੁਮਾਰ ਅਤੇ ਸਬ ਇੰਸਪੈਕਟਰ ਖੇਮ ਚੰਦ ਪ੍ਰਾਸ਼ਰ ਅਤੇ ਇਕ ਹੋਰ ਵਿਅਕਤੀ ਦੀ ਪਹਿਲਾਂ ਹੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਹੁਣ ਇਨ੍ਹਾਂ ਦੋਵਾਂ ਨੂੰ ਕਾਬੂ ਕੀਤਾ ਗਿਆ ਹੈ। 


COMMERCIAL BREAK
SCROLL TO CONTINUE READING

ਗ੍ਰਿਫ਼ਤਾਰੀ ਦੀ ਲਟਕ ਰਹੀ ਸੀ ਤਲਵਾਰ 


ਫਰੀਦਕੋਟ ਦੇ ਪ੍ਰਸਿੱਧ ਬਾਬਾ ਦਿਆਲ ਦਾਸ ਕਤਲ ਕਾਂਡ ਨਾਲ ਸਬੰਧਤ ਰਿਸ਼ਵਤ ਕਾਂਡ ਦੇ ਮੁਲਜ਼ਮ ਪੰਜਾਬ ਪੁਲੀਸ ਦੇ ਐਸਪੀ ਗਗਨੇਸ਼ ਕੁਮਾਰ ਅਤੇ ਠੇਕੇਦਾਰ ਜੱਸੀ ਦੀ 28 ਫਰਵਰੀ 2024 ਨੂੰ ਵਿਜੀਲੈਂਸ ਦੀ ਅਪੀਲ 'ਤੇ ਹਾਈਕੋਰਟ ਵੱਲੋਂ ਐੱਸਪੀ ਗਗਨੇਸ਼ ਕੁਮਾਰ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ, ਉਦੋਂ ਤੋਂ ਹੀ ਐੱਸਪੀ ਗਗਨੇਸ਼ ਕੁਮਾਰ 'ਤੇ ਵਿਜੀਲੈਂਸ ਦੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ। ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੇ ਐਸਐਸਪੀ ਗੁਰਮੀਤ ਸਿੰਘ ਨੇ ਵੀ ਦੋਵਾਂ ਮੁਲਜ਼ਮਾਂ ਦੇ ਆਤਮ ਸਮਰਪਣ ਦੀ ਪੁਸ਼ਟੀ ਕੀਤੀ ਸੀ।


ਪੂਰਾ ਮਾਮਲਾ


7 ਨਵੰਬਰ 2019 ਨੂੰ ਫਰੀਦਕੋਟ ਦੇ ਪਿੰਡ ਕੋਟਸੁਖੀਆ ਵਿੱਚ ਸਥਿਤ ਡੇਰਾ ਬਾਬਾ ਹਰਕਾ ਦਾਸ ਦੇ ਮੁਖੀ ਸੰਤ ਬਾਬਾ ਦਿਆਲ ਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਦੇ ਮੁੱਖ ਦੋਸ਼ੀ ਬਾਬਾ ਜਰਨੈਲ ਦਾਸ ਨੂੰ 2 ਸਤੰਬਰ 2023 ਨੂੰ ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਵੀ ਇਸੇ ਕੇਸ ਵਿੱਚ ਜਰਨੈਲ ਦਾਸ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਐਸਆਈਟੀ ਵੱਲੋਂ ਕੀਤੇ ਕੇਸ ਵਿੱਚ ਆਪਣੇ ਆਪ ਨੂੰ ਬੇਕਸੂਰ ਸਾਬਤ ਕੀਤਾ ਸੀ ਅਤੇ ਇਸ ਲਈ ਉਸ ’ਤੇ ਰਿਸ਼ਵਤ ਦੇਣ ਦੇ ਦੋਸ਼ ਵੀ ਲੱਗ ਚੁੱਕੇ ਹਨ। ਦੱਸ ਦੇਈਏ ਕਿ 75 ਸਾਲਾ ਜਰਨੈਲ ਦਾਸ ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਦਾ ਰਹਿਣ ਵਾਲਾ ਸੀ।


ਰਿਸ਼ਵਤ ਮੰਗਣ ਦਾ ਦੋਸ਼ 


ਫਰੀਦਕੋਟ ਦੇ ਤਤਕਾਲੀ ਐਸਪੀ ਗਗਨੇਸ਼ ਕੁਮਾਰ, ਡੀਐਸਪੀ ਸੁਸ਼ੀਲ ਕੁਮਾਰ, ਐਸਆਈ ਖੇਮਚੰਦਰ ਪਰਾਸ਼ਰ, ਬਾਬਾ ਮਲਕੀਤ ਦਾਸ ਅਤੇ ਠੇਕੇਦਾਰ ਜਸਵਿੰਦਰ ਸਿੰਘ ਜੱਸੀ ’ਤੇ ਬਾਬਾ ਦਿਆਲਦਾਸ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਜਰਨੈਲ ਦਾਸ ਨੂੰ ਮੁਲਜ਼ਮ ਬਣਾਉਣ ਦੇ ਬਦਲੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਸੀ। ਇਸ ਮਾਮਲੇ 'ਚ ਐੱਸ.ਪੀ ਗਗਨੇਸ਼ ਅਤੇ ਠੇਕੇਦਾਰ ਜੱਸੀ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਐੱਸ.ਪੀ ਗਗਨੇਸ਼ ਨੂੰ ਅਦਾਲਤ 'ਚੋਂ ਅੰਤਰਿਮ ਜ਼ਮਾਨਤ ਮਿਲ ਜਾਣ ਕਾਰਨ ਗਿ੍ਫ਼ਤਾਰ ਨਹੀਂ ਕੀਤਾ ਜਾ ਸਕਿਆ ਸੀ ਪਰ ਹੁਣ ਉਸ ਦੀ ਜ਼ਮਾਨਤ ਰੱਦ ਹੋਣ 'ਤੇ ਉਸ ਨੂੰ ਵਿਜੀਲੈਂਸ ਦੇ ਦਫ਼ਤਰ 'ਚ ਗ੍ਰਿਫ਼ਤਾਰ ਕਰ ਲਿਆ ਗਿਆ |