Mansa News:  ਮਾਨਸਾ ਜ਼ਿਲ੍ਹੇ ਵਿੱਚ ਕਣਕ ਦੀ ਫ਼ਸਲ 'ਤੇ ਸੁੰਡੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਕਿਸਾਨ ਕਣਕ ਦੀ ਫ਼ਸਲਾਂ ਨੂੰ ਲੈ ਕੇ ਚਿੰਤਾ ਦੇ ਵਿੱਚ ਹਨ। ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਤੋਂ ਖੇਤਾਂ ਵਿੱਚ ਪਹੁੰਚ ਕੇ ਤੁਰੰਤ ਕਣਕ ਦੀ ਫ਼ਸਲ ਤੇ ਸੁੰਡੀ ਦੇ ਪ੍ਰਕੋਪ ਨੂੰ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਕਿ ਕਣਕ ਦੀ ਫ਼ਸਲ ਨੂੰ ਸੁੰਡੀ ਪੈਣ ਦਾ ਕਾਰਨ ਕਿਸਾਨਾਂ ਵੱਲੋਂ ਕਣਕ ਅਗੇਤੀ ਦੀ ਬਿਜਾਈ ਕਰਨਾ ਹੈ।


COMMERCIAL BREAK
SCROLL TO CONTINUE READING

ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਕਣਕ ਦੀ ਫ਼ਸਲ ਤੇ ਸੁੰਡੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਦੇ ਵਿੱਚ 50 ਏਕੜ ਕਣਕ ਦੀ ਫ਼ਸਲ ਨੂੰ ਸੁੰਡੀ ਪਈ ਹੈ। ਇਸ ਕਾਰਨ ਕਣਕ ਦੀ ਫ਼ਸਲ ਸੁੱਕ ਰਹੀ ਹੈ ਤੇ ਕਿਸਾਨ ਆਪਣੀ ਫ਼ਸਲ ਨੂੰ ਲੈ ਕੇ ਚਿੰਤਾ ਵਿੱਚ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾ ਕੇ ਸਿੱਧੀ ਕਣਕ ਦੀ ਬਿਜਾਈ ਕੀਤੀ ਸੀ।


ਇਸ ਕਾਰਨ ਉਨ੍ਹਾਂ ਦੀ ਫ਼ਸਲ ਉਤੇ ਸੁੰਡੀ ਦਾ ਪ੍ਰਕੋਪ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਖੇਤਾਂ ਵਿੱਚ ਆਏ ਸਨ ਅਤੇ ਕੀਟ ਨਾਸ਼ਕ ਦਵਾਈ ਦਾ ਛਿੜਕਾਅ ਕਰਨ ਲਈ ਕਿਹਾ ਸੀ ਤੇ ਉਸ ਕੀਟਨਾਸ਼ਕ ਦਵਾਈ ਦਾ ਛਿੜਕਾ ਕਰਨ ਤੋਂ ਬਾਅਦ ਵੀ ਸੁੰਡੀ ਦਾ ਪ੍ਰਕੋਪ ਨਹੀਂ ਘੱਟ ਰਿਹਾ।


ਕਿਸਾਨਾਂ ਨੇ ਕਿਹਾ ਕਿ ਹਰ ਸਾਲ ਉਹ ਆਪਣੇ ਖੇਤ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਰਹੇ ਸਨ ਪਰ ਵਿਭਾਗ ਦੇ ਅਧਿਕਾਰੀ ਖੇਤਾਂ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਅੱਗ ਨਾ ਲਗਾਉਣ ਦੀ ਸਲਾਹ ਦੇ ਕੇ ਗਏ ਸਨ। ਜਿਸ ਕਾਰਨ ਉਨ੍ਹਾਂ ਨੇ ਸੁਪਰ ਸੀਡਰ ਦੇ ਨਾਲ 50 ਏਕੜ ਦੇ ਵਿੱਚ ਬਿਨਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਜਾਈ ਕੀਤੀ ਸੀ ਪਰ ਕਣਕ ਦੀ ਫ਼ਸਲ ਉਤੇ ਸੁੰਡੀ ਦਾ ਪ੍ਰਕੋਪ ਇਨ੍ਹਾਂ ਜ਼ਿਆਦਾ ਵੱਧ ਗਿਆ ਹੈ ਕਿ ਕਣਕ ਦੀ ਫ਼ਸਲ ਲਗਾਤਾਰ ਸੁੱਕ ਰਹੀ ਹੈ।


ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੁੰਡੀ ਦਾ ਪ੍ਰਕੋਪ ਰੋਕਣ ਲਈ ਉਨ੍ਹਾਂ ਨੂੰ ਤੁਰੰਤ ਕੀਟਨਾਸ਼ਕ ਦਵਾਈ ਦਿੱਤੀ ਜਾਵੇ। ਉਧਰ ਖੇਤੀਬਾੜੀ ਵਿਭਾਗ ਦੇ ਜਿਲਾ ਅਧਿਕਾਰੀ ਹਰਪ੍ਰੀਤਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਖੇਤਾਂ ਦਾ ਦੌਰਾ ਕੀਤਾ ਹੈ।


ਕਈ ਪਿੰਡਾਂ ਦੇ ਵਿੱਚ ਪ੍ਰਕੋਪ ਘੱਟ ਹੈ ਪਰ ਪਿੰਡ ਫਫੜੇ ਭਾਈਕੇ ਦੇ ਵਿੱਚ ਜ਼ਿਆਦਾ ਪ੍ਰਕੋਪ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸੁੰਡੀ ਦਾ ਕਾਰਨ ਕਿਸਾਨਾਂ ਵੱਲੋਂ ਅਗੇਤੀ ਕਣਕ ਦੀ ਬਿਜਾਈ ਕਰਨਾ ਹੈ। ਜਿਸ ਲਈ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਕਿਸਾਨਾਂ ਵੱਲੋਂ ਛਿੜਕਾਅ ਕੀਤਾ ਵੀ ਜਾ ਰਿਹਾ ਹੈ।