ਚੰਡੀਗੜ੍ਹ: ਮਾਨਸੂਨ ਦੀ ਪਹਿਲੀ ਬਰਸਾਤ ਨੇ ਪੂਰੇ ਚੰਡੀਗੜ੍ਹ ਨੂੰ ਧੋ ਦਿੱਤਾ ਹੈ। ਇਸ ਮੀਂਹ ਨੇ ਜਿੱਥੇ ਇੱਕ ਪਾਸੇ ਚੰਡੀਗੜ੍ਹ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ, ਉੱਥੇ ਹੀ ਇਸ ਨੇ ਟ੍ਰੈਫਿਕ ਪੁਲਿਸ ਦੀ ਵਿਵਸਥਾ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਚੰਡੀਗੜ੍ਹ ਦੀਆਂ ਲਗਭਗ ਸਾਰੀਆਂ ਅਹਿਮ ਸੜਕਾਂ ਜਾਮ ਹੋ ਗਈਆਂ ਹਨ। ਕਈ ਥਾਵਾਂ 'ਤੇ ਟ੍ਰੈਫਿਕ ਲਾਈਟਾਂ ਬੰਦ ਹਨ।


COMMERCIAL BREAK
SCROLL TO CONTINUE READING

ਕਈ ਐਂਬੂਲੈਂਸਾਂ ਵੀ ਜਾਮ ਵਿੱਚ ਫਸੀਆਂ ਦੇਖੀਆਂ ਗਈਆਂ। ਲੋਕਾਂ ਨੂੰ ਇੱਕ ਚੌਕ ਨੂੰ ਪਾਰ ਕਰਨ ਲਈ 15 ਤੋਂ 20 ਮਿੰਟ ਲੱਗ ਰਹੇ ਹਨ। ਕਿਸਾਨ ਭਵਨ ਵਾਲੀ ਰੋਡ ’ਤੇ ਟ੍ਰਿਬਿਊਨ ਚੌਕ ਤੋਂ ਆਉਣ ਵਾਲੀ ਟਰੈਫਿਕ ਜਾਮ ’ਚ ਫਸ ਗਈ ਹੈ। ਇਸੇ ਤਰ੍ਹਾਂ ਮਨੀਮਾਜਰਾ ਤੋਂ ਸੈਕਟਰ 9 ਤੱਕ ਸੜਕ ’ਤੇ ਵੀ ਭਾਰੀ ਜਾਮ ਲੱਗਾ ਹੋਇਆ ਹੈ। ਇਹ ਸੜਕਾਂ ਵੀ ਬਰਸਾਤੀ ਪਾਣੀ ਨਾਲ ਭਰ ਗਈਆਂ ਹਨ। ਕਈ ਸੈਕਟਰਾਂ ਵਿੱਚ ਮੀਂਹ ਦੇ ਪਾਣੀ ਨਾਲ ਘਰਾਂ ਵਿੱਚ ਪਾਣੀ ਭਰ ਗਿਆ ਹੈ।


ਕੁਝ ਥਾਵਾਂ ਜਿਵੇਂ ਕਿਸ਼ਨਗੜ੍ਹ, ਬਹਿਲਾਣਾ, ਮਨੀਮਾਜਰਾ, ਹੱਲੋਮਾਜਰਾ ਆਦਿ ਥਾਵਾਂ ’ਤੇ ਘਰਾਂ ਅੱਗੇ ਗਲੀਆਂ ਵਿੱਚ ਪਾਣੀ ਭਰ ਗਿਆ। ਇਸ ਦੇ ਨਾਲ ਹੀ ਸੈਕਟਰ 33 ਦੇ ਕਈ ਘਰਾਂ ਵਿੱਚ ਵੀ ਮੀਂਹ ਦਾ ਪਾਣੀ ਭਰ ਗਿਆ। ਬੀਤੇ ਦਿਨ ਚੰਡੀਗੜ੍ਹ ਨਗਰ ਨਿਗਮ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸ਼ਹਿਰ ਦੀਆਂ 85 ਫੀਸਦੀ ਸੜਕਾਂ ਅਤੇ ਗਲੀਆਂ ਦੀ ਸਫਾਈ ਕਰ ਦਿੱਤੀ ਹੈ। ਬਾਕੀ ਸੜਕਾਂ 10 ਦਿਨਾਂ ਵਿੱਚ ਸਾਫ਼ ਕਰ ਦਿੱਤੀਆਂ ਜਾਣਗੀਆਂ।


ਤੁਹਾਨੂੰ ਦੱਸ ਦੇਈਏ ਕਿ ਮਾਨਸੂਨ ਦੀ ਸ਼ੁਰੂਆਤ ਹੀ ਹੋਈ ਹੈ ਅਤੇ ਕਰੀਬ ਦੋ ਮਹੀਨੇ ਤੱਕ ਸ਼ਹਿਰ ਵਿੱਚ ਇਹੀ ਮੌਸਮ ਰਹਿਣ ਵਾਲਾ ਹੈ। ਇਸ ਲਈ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਦੀ ਲੋੜ ਹੈ। ਟ੍ਰੈਫਿਕ ਪੁਲਿਸ ਦੇ ਲਾਈਟ ਪੁਆਇੰਟ ਬੰਦ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸੈਕਟਰਾਂ ਦੀਆਂ ਅੰਦਰੂਨੀ ਅਤੇ ਅਹਿਮ ਸੜਕਾਂ 'ਤੇ ਪਾਣੀ ਭਰਿਆ ਨਜ਼ਰ ਆ ਰਿਹਾ ਹੈ।