Dhuri News: ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਮਹਿਲਾਵਾਂ ਨੂੰ 1000 ਨਹੀਂ, 1100 ਰੁਪਏ ਮਿਲਣਗੇ
Dhuri News: ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਸਮੇਂ ਆਪਣੀਆਂ ਗਰੰਟੀਆਂ ਵਿਚ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਐਲਾਨ ਕੀਤਾ ਸੀ, ਹਾਲਾਂਕਿ 2 ਸਾਲ ਤੋਂ ਵੱਧ ਦਾ ਸਮਾਂ ਲੰਘਣ ਪਿੱਛੋਂ ਵੀ ਸਰਕਾਰ ਆਪਣੀ ਗਰੰਟੀ ਪੂਰੀ ਨਹੀਂ ਕਰ ਸਕੀ।
Dhuri News: ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਹਨ ਅਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਜੰਮ ਕੇ ਪਾਰਟੀਆਂ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੀ ਸੱਤਾ ਧਿਰ ਵਿੱਚ ਮੌਜੂਦ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ 13-0 ਦਾ ਨਾਅਰਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਉਮੀਦਵਾਰਾਂ ਦੇ ਹੱਕ ਵਿਚ ਲਗਾਤਾਰ ਪ੍ਰਚਾਰ ਕਰ ਰਹੇ ਹਨ। ਮੁੱਖ ਮੰਤਰੀ ਮਾਨ ਨੇ ਅੱਜ ਮੀਤ ਦੇ ਹੱਕ ਵਿੱਚ ਅੱਜ ਧੂਰੀ ਇੱਕ ਰੈਲੀ ਨੂੰ ਸੰਬੋਧਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਜਿੱਥੇ ਵਿਰੋਧੀ ਪਾਰਟੀਆਂ ਨੂੰ ਘੇਰਿਆ ਉੱਥੇ ਹੀ ਆਪਣੀ ਪਾਰਟੀ ਵੱਲੋਂ ਕੀਤੇ ਜਾ ਰਹੇ ਕੰਮ ਵੀ ਗਿਣਵਾਏ।
ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਹਰ ਮਹਿਲਾ ਨੂੰ ਹਰ ਮਹੀਨੇ 1000 ਰਪਏ ਪ੍ਰਤੀ ਮਹਿਨਾ ਦੇਣ ਦੀ ਗਰੰਟੀ ਦਿੱਤੀ ਸੀ ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਉਹ ਗਰੰਟੀ ਪੂਰੀ ਨਹੀਂ ਕੀਤੀ ਗਈ। ਮਹਿਲਾਵਾਂ ਆਪ ਦੇ ਐਲਾਨੇ ਕੀਤੇ 1000 ਦੀ ਉਡੀਕ ਕਰ ਰਹੀਆਂ ਹਨ।
ਵੋਟਾਂ ਤੋਂ ਪਹਿਲਾਂ ਮਹਿਲਾਵਾਂ ਨਾਲ ਕੀਤਾ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ ਜਿਸਨੂੰ ਲੈ ਕੇ ਮਾਨ ਨੇ ਹੁਣ ਇਕ ਨਵਾਂ ਵਾਅਦਾ ਕੀਤਾ ਹੈ। ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਹੁਣ 1000 ਨਹੀਂ ਬਲਕਿ 1100 ਰੁਪਏ ਮਹਿਲਾਵਾਂ ਨੂੰ ਦਿੱਤੇ ਜਾਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਹਿਰੀ ਪਾਣੀ ਦੇ ਕੇ ਉਸ ਵਿਚੋਂ ਜੋ ਬਿਜਲੀ ਦੀ ਸਬਸਿਡੀ ਦਾ ਪੈਸਾ ਬਚੇਗਾ, ਉਸ ਨਾਲ ਔਰਤਾਂ ਨੂੰ 1000 ਰੁਪਏ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਹੈ ਉਹ 1000 ਰੁਪਏ ਦੀ ਥਾਂ 1100 ਰੁਪਏ ਸ਼ਗਨ ਦੇ ਤੌਰ ਉੱਤੇ ਦੇਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜ਼ੀਹ ਹੈ ਖੇਤਾਂ ਤੱਕ ਨਹਿਰਾਂ ਦਾ ਪਾਣੀ ਪਹੁੰਚਾਉਣਾ, ਜਿਸ ਨਾਲ ਪੰਜਾਬ ਦਾ ਪਾਣੀ ਵੀ ਉੱਪਰ ਆਵੇਗਾ ਤੇ ਅੰਦਾਜ਼ਾ ਹੈ ਕਿ ਇਸ ਨਾਲ 10 ਲੱਖ ਟਿਊਬਵੈਲ ਬੰਦ ਹੋ ਜਾਣਗੇ। ਜਿਸ ਦਾ ਮਤਲਬ ਧਰਤੀ ਤੋਂ ਪਾਣੀ ਕੱਢਣਾ ਵੀ ਬੰਦ ਜੋ ਜਾਵੇਗਾ। ਸਰਕਾਰ 18000 ਕਰੋੜ ਦੀ ਸਬਸਿਡੀ ਝੋਨੇ ਦੇ 90 ਦਿਨਾਂ ਦੇ ਸੀਜ਼ਨ ਲਈ ਬਿਜਲੀ ਬੋਰਡ ਨੂੰ ਦਿੰਦੀ ਹੈ ਤੇ ਜੇ 10 ਲੱਖ ਮੋਟਰਾਂ ਬੰਦ ਹੋ ਗਈਆਂ ਤਾਂ ਜਿਸ ਨਾਲ 10 ਤੋਂ 12 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਵੇਗੀ।
ਇਸ ਮੌਕੇ ਮਾਨ ਨੇ ਜ਼ਿਕਰ ਕਰਦਿਆਂ ਕਿਹਾ ਕਿ ਔਰਤਾਂ ਨੂੰ 1000 ਰੁਪਏ ਦਿੱਤੇ ਜਾਣੇ ਹਨ, ਉਸ ਦਾ ਕੁੱਲ ਖ਼ਰਚ 5500 ਕਰੋੜ ਹੈ, ਮਾਨ ਨੇ ਕਿਹਾ ਕਿ ਇਸ ਦਾ ਖ਼ਰਚਾ ਉਸ ਵਿੱਚੋਂ ਹੀ ਕੱਢਿਆ ਜਾਵੇਗਾ। ਮਾਨ ਨੇ ਕਿਹਾ ਕਿ ਜਦੋਂ ਇੱਕ ਵਾਰ ਸਕੀਮ ਸ਼ੁਰੂ ਹੋ ਗਈ ਤਾਂ ਇਸ ਨੂੰ ਬਾਅਦ ਵਿੱਚ ਬੰਦ ਨਹੀਂ ਕੀਤਾ ਜਾਵੇਗਾ।