PM ਮੋਦੀ ਦੇ BirthDay ਵਾਲੇ ਦਿਨ ਜਨਮ ਲੈਣ ਵਾਲੇ ਬੱਚੇ ਹੋਣਗੇ ਖੁਸ਼ਕਿਸਮਤ, ਭਾਜਪਾ ਵੰਡੇਗੀ ਸੋਨਾ
ਤਾਮਿਲਨਾਡੂ ’ਚ ਭਾਜਪਾ ਦੀ ਸੂਬਾ ਇਕਾਈ ਨੇ ਚੇਨਈ ਦੇ ਸਰਕਾਰੀ RSRM ਹਸਪਤਾਲ ’ਚ 17 ਸਤੰਬਰ ਨੂੰ ਜਨਮ ਲੈਣ ਵਾਲੇ ਬੱਚਿਆਂ ਨੂੰ ਸੋਨੇ ਦੀਆਂ ਮੁੰਦਰੀਆਂ ਭੇਂਟ ਕਰਨ ਦਾ ਫ਼ੈਸਲਾ ਕੀਤਾ ਹੈ।
PM Modi Birthday- ਚੰਡੀਗੜ੍ਹ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦਾ ਜਨਮਦਿਨ 17 ਸਤੰਬਰ (ਯਾਨੀ ਕੱਲ੍ਹ) ਪੂਰੇ ਦੇਸ਼ ’ਚ ਧੂਮਧਾਮ ਨਾਲ ਮਨਾਇਆ ਜਾਵੇਗਾ। ਉੱਥੇ ਹੀ ਤਾਮਿਲਨਾਡੂ ’ਚ ਇਸ ਦਿਨ ਨੂੰ ਯਾਦਗਾਰ ਤੇ ਖ਼ਾਸ ਬਣਾਉਣ ਲਈ ਵਿਲੱਖਣ ਢੰਗ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਹੈ।
ਇੱਕ ਨਿੱਜੀ ਅਖ਼ਬਾਰ ’ਚ ਪ੍ਰਕਾਸ਼ਿਤ ਹੋਈ ਰਿਪੋਰਟ ਮੁਤਾਬਕ ਤਾਮਿਲਨਾਡੂ ’ਚ ਭਾਜਪਾ ਦੀ ਇਕਾਈ ਨੇ 17 ਸਤੰਬਰ ਨੂੰ ਚੇਨਈ ਦੇ ਸਰਕਾਰੀ RSRM ਹਸਪਤਾਲ ’ਚ ਨਵਜੰਮੇ ਬੱਚਿਆਂ ਨੂੰ ਤੋਹਫ਼ੇ ਵਜੋਂ ਸੋਨੇ ਦੀਆਂ ਮੁੰਦਰੀਆਂ ਭੇਂਟ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧ ’ਚ ਜਾਣਕਾਰੀ ਕੇਂਦਰ ਸਰਕਾਰ ’ਚ ਮੱਛੀ ਪਾਲਣ ਅਤੇ ਸੂਚਨਾ ਪ੍ਰਸਾਰਣ ਰਾਜ ਮੰਤਰੀ ਐੱਲ ਮੁਰੂਗਨ (Dr. L. Murugan) ਨੇ ਦਿੱਤੀ।
ਪਾਰਟੀ ਦੀ ਸੂਬਾ ਇਕਾਈ ਦੁਆਰਾ ਨਵਜੰਮੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੋਨੇ ਦੀਆਂ ਮੁੰਦਰੀਆਂ ਦਾ ਵਜ਼ਨ 2 ਗ੍ਰਾਮ ਹੋਵੇਗਾ, ਜਿਸਦੀ ਕੀਮਤ ਲਗਭਗ 5,000 ਰੁਪਏ ਹੋ ਸਕਦੀ ਹੈ। ਭਾਜਪਾ ਦੀ ਸਥਾਨਕ ਇਕਾਈ ਦਾ ਅਨੁਮਾਨ ਹੈ ਕਿ 17 ਸਤੰਬਰ ਨੂੰ ਸਰਕਾਰੀ RSRM ਹਸਪਤਾਲ ’ਚ 10-15 ਬੱਚਿਆਂ ਦਾ ਜਨਮ ਹੋ ਸਕਦਾ ਹੈ। ਇਸ ਤੋਂ ਇਲਾਵਾ 720 ਕਿਲੋ ਮੱਛੀ ਵੀ ਵੰਡੀ ਜਾਵੇਗੀ।
ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ (BJP) 15 ਦਿਨਾਂ ਤੱਕ PM ਮੋਦੀ ਦਾ ਜਨਮਦਿਨ ਮਨਾਏਗੀ। ਇਸ ਦੌਰਾਨ ਲੋਕ ਭਲਾਈ ਸਕੀਮਾਂ ਦਾ ਵਿਸਥਾਰ ਕਰਨ ਉਨ੍ਹਾਂ ਦਾ ਲਾਭ ਵਾਂਝੇ ਰਹਿ ਗਏ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੋਗਰਾਮ ਉਲੀਕੇ ਜਾਣਗੇ।