`ਪੰਜਾਬ ਬਚਾਓ` ਮੁਹਿੰਮ ਤਹਿਤ ਵੱਖ-ਵੱਖ ਜ਼ਿਲ੍ਹਿਆਂ ’ਚ ਜਾਣਗੇ ਸੁਖਬੀਰ ਬਾਦਲ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਤੋਂ ਉਲਟ ਪੁਲਿਸ ਅਤੇ ਪ੍ਰਸ਼ਾਸਨ ਉਲਟੇ ਵਹਿਣ ’ਚ ਚੱਲ ਰਹੇ ਹਨ, ਜਿਸਦੇ ਚੱਲਦਿਆਂ ਅੱਜ ਪੰਜਾਬੀ ਆਪਣੀ ਜਾਨ-ਮਾਲ ਦੀ ਰਾਖੀ ਨੂੰ ਲੈਕੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
Sukhbir Badal on CM Mann: ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਬੰਦਕ ਢਾਂਚੇ ਦਾ ਗਠਨ ਕਰਨ ਉਪਰੰਤ ਕੋਰ ਕਮੇਟੀ ਦੀ ਪਲੇਠੀ ਬੈਠਕ ਕੀਤੀ ਗਈ। ਇਸ ਬੈਠਕ ’ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਪਾਰਟੀ ਆਗੂਆਂ ਨੇ ਸੂਬੇ ’ਚ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਵਿਚਾਰ-ਚਰਚਾ ਕੀਤੀ।
ਮੁੱਖ ਮੰਤਰੀ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ: ਬਾਦਲ
ਅਕਾਲੀ ਦਲ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਾਸ ਤੌਰ ’ਤੇ CM ਭਗਵੰਤ ਮਾਨ (Bhagwant Mann) ਸੂਬੇ ’ਚ ਅਮਨ-ਸ਼ਾਂਤੀ (Law and Order) ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਇਸ ਦੌਰਾਨ ਸੁਖਬੀਰ ਨੇ ਕਿਹਾ ਕਿ ਸੂਬੇ ਦੀ ਵਾਗਡੋਰ ਗੈਂਗਸਟਰਾਂ ਦੇ ਹੱਥ ਦੇ ਦਿੱਤੀ ਗਈ ਹੈ ਅਤੇ ਮੰਤਰੀ ਸਿਰਫ਼ ਜਨਤਕ ਸਮਾਗਮਾਂ ’ਚ ਹਾਜ਼ਰੀਆਂ ਲਗਵਾਉਣ ਜੋਗੇ ਰਹਿ ਗਏ ਹਨ।
ਲੋਕ ਦਹਿਸ਼ਤ ਦੇ ਸਾਏ ’ਚ ਜਿਊਣ ਲਈ ਮਜ਼ਬੂਰ: ਬਾਦਲ
ਉਨ੍ਹਾਂ ਕਿਹਾ ਸਰਕਾਰ ਤੋਂ ਉਲਟ ਪੁਲਿਸ ਅਤੇ ਪ੍ਰਸ਼ਾਸਨ ਉਲਟੇ ਵਹਿਣ ’ਚ ਚੱਲ ਰਿਹਾ ਹੈ। ਜਿਸਦੇ ਚੱਲਦਿਆਂ ਅੱਜ ਪੰਜਾਬੀ ਆਪਣੀ ਜਾਨ-ਮਾਲ ਦੀ ਰਾਖੀ ਨੂੰ ਲੈਕੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸ਼ਹਿਰਾਂ ’ਚ ਲੋਕ ਅੱਧੀ ਰਾਤ ਨੂੰ ਫਿਰੌਤੀਆਂ ਲਈ ਬੂਹੇ ਖੜਕਾਏ ਜਾਣ ਦੇ ਡਰੋਂ ਦਹਿਸ਼ਤ ਵਾਲੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ।
ਅਮਨ-ਸ਼ਾਂਤੀ ਕਾਇਮ ਰੱਖਣਾ ਹੁੰਦਾ ਸੀ ਅਕਾਲੀ ਸਰਕਾਰ ਦੀ ਤਰਜੀਹ: ਬਾਦਲ
ਬਾਦਲ ਨੇ ਕਿਹਾ ਕਿ ਇਹ ਉਹ ਪੰਜਾਬ ਨਹੀਂ ਰਿਹਾ, ਜੋ ਅਕਾਲੀ ਦਲ ਦੀ ਸਰਕਾਰ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵੇਲੇ ਸੀ, ਉਸ ਮੌਕੇ ਸੂਬੇ ’ਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਬਹਾਲ ਰੱਖਣਾ ਸਰਕਾਰ ਦੀ ਪਹਿਲੀ ਤਰਜੀਹ ਹੁੰਦੀ ਸੀ।
ਵੱਖ-ਵੱਖ ਜ਼ਿਲ੍ਹਿਆਂ ’ਚ ਕੀਤੀ ਜਾਵੇਗੀ 'ਪੰਜਾਬ ਬਚਾਓ' ਯਾਤਰਾ
ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸੂਬੇ ’ਚ ਬਣੇ ਜੰਗਲ ਰਾਜ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਕਾਨੂੰਨ ਵਿਵਸਥਾ ਮੁਕੰਮਲ ਤੌਰ ’ਤੇ ਢਹਿ-ਢੇਰੀ ਹੋਣ ਨਾਲ ਬਣੇ ਖ਼ੌਫ ਦੇ ਮਾਹੌਲ ਨੂੰ ਵੇਖਦਿਆਂ ਉਹ ਵੱਖ-ਵੱਖ ਜ਼ਿਲ੍ਹਿਆਂ ’ਚ ਪੰਜਾਬ ਬਚਾਓ ਮੁਹਿੰਮ ਤਹਿਤ ਦੌਰ ਕਰਨਗੇ ਤਾਂ ਜੋ ਆਮ ਲੋਕਾਂ ’ਚ ਵਿਸ਼ਵਾਸ ਮਜ਼ਬੂਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਜੇ ਅਸੀਂ ਲੋਕਾਂ ਨੂੰ ਮੁਫ਼ਤ ਦੀਆਂ ਰਿਓੜੀਆਂ ਵੰਡ ਰਹੇ ਹਾਂ ਤਾਂ ਫੇਰ 15 ਲੱਖ ਕੀ ਸੀ? ਭਗਵੰਤ ਮਾਨ ਦਾ ਕੇਂਦਰ ਨੂੰ ਸਵਾਲ