ਚੰਡੀਗੜ੍ਹ ’ਚ CM ਦੀ ਵਿਧਾਇਕਾਂ ਨਾਲ ਮੁਲਾਕਾਤ: ਇਨ੍ਹਾਂ ਮੁੱਦਿਆਂ ’ਤੇ ਚਰਚਾ ਦੇ ਆਸਾਰ
ਮੁੱਖ ਮੰਤਰੀ ਭਗੰਵਤ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਚੰਡੀਗੜ੍ਹ ਤਲਬ ਕੀਤਾ ਗਿਆ ਹੈ।
ਚੰਡੀਗੜ੍ਹ: ਮੁੱਖ ਮੰਤਰੀ ਭਗੰਵਤ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਚੰਡੀਗੜ੍ਹ ਤਲਬ ਕੀਤਾ ਗਿਆ ਹੈ। CM ਭਗਵੰਤ ਮਾਨ ਦੀ ਵਿਧਾਇਕਾਂ ਨਾਲ ਹੋ ਰਹੀ ਮੀਟਿੰਗ ਦੌਰਾਨ ਹਲਕਿਆਂ ’ਚ ਚੱਲ ਰਹੇ ਵਿਕਾਸ ਕਾਰਜਾਂ ਦੇ ਨਾਲ ਨਾਲ ਲਟਕੇ ਹੋਏ ਪ੍ਰੋਜੈਕਟਾਂ ਬਾਰੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।
ਸੰਗਰੂਰ ਦੀ ਲੋਕ ਸਭਾ ਸੀਟ ਹੱਥੋਂ ਗਈ
ਜ਼ਿਕਰਯੋਗ ਹੈ ਕਿ ਲੋਕ ਸਭਾ ਸੀਟ ਸੰਗਰੂਰ ਆਮ ਆਦਮੀ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਸੀ। ਇਸ ਸੀਟ ਤੋਂ ਮੁੱਖ ਮੰਤਰੀ ਭਗੰਵਤ ਮਾਨ ਲਗਾਤਾਰ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਲਕੇ ਵੀ ਇਸ ਲੋਕ ਸਭਾ ਸੀਟ ਤਹਿਤ ਆਉਂਦੇ ਹਨ। ਇਸਦੇ ਸਭ ਦੇ ਬਾਵਜੂਦ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਬਾਜੀ ਮਾਰ ਗਏ।
ਇਸਦਾ ਵੱਡਾ ਕਾਰਨ ਸਿੱਧੂ ਮੂਸੇਵਾਲਾ ਦਾ ਕਤਲ ਵੀ ਮੰਨਿਆ ਜਾ ਰਿਹਾ ਹੈ। ਕਿਉਂਕਿ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਸਰਕਾਰ ਨੇ ਉਸਦੀ ਪੁਲਿਸ ਸੁਰੱਖਿਆ ਘਟਾਈ ਸੀ।
ਸਿਹਤ ਮੰਤਰੀ ਜੌੜੇਮਾਜਰਾ ਦਾ VC ਗਲਤ ਵਿਹਾਰ ਵੀ ਚਰਚਾ ਦਾ ਵਿਸ਼ਾ
ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦਾ ਰਵਈਆ ਵੀ ਪਾਰਟੀ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿਹਤ ਮੰਤਰੀ ਦਾ ਰਵਈਏ ਕਾਰਨ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੇ ਅਸਤੀਫ਼ਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਦੂਜੀ ਵਾਰ ਡਾ. ਰਾਜ ਬਹਾਦੁਰ ਨਾਲ ਸੰਪਰਕ ਕੀਤਾ ਹੈ ਤੇ VC ਨੂੰ ਅਸਤੀਫ਼ਾ ਵਾਪਸ ਲੈਣ ਲਈ ਕਿਹਾ ਹੈ। ਦੂਜੇ ਪਾਸੇ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ (IMA) ਨੇ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈਕੇ ਮਾਨ ਸਰਕਾਰ ’ਤੇ ਦਬਾਅ ਵਧਾ ਦਿੱਤਾ ਹੈ।
ਮਾਨ ਸਰਕਾਰ ਦੌਰਾਨ ਸਿਹਤ ਵਿਭਾਗ ਦੋ ਵਾਰ ਬਣਿਆ ਚਰਚਾ ਦਾ ਵਿਸ਼ਾ
ਮਾਨ ਸਰਕਾਰ ਦੁਆਰਾ ਸਾਬਕਾ ਸਿਹਤ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਬਰਖ਼ਾਸਤ ਕੀਤੇ ਜਾਣ ਮਗਰੋਂ ਸਰਕਾਰ ਦੀ ਆਮ ਲੋਕਾਂ ’ਚ ਕਾਫ਼ੀ ਚਰਚਾ ਸੀ। ਪਰ ਹੁਣ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵਲੋਂ VC ਰਾਜ ਬਹਾਦੁਰ ਨਾਲ ਕੀਤੇ ਮਾੜੇ ਵਿਵਹਾਰ ਕਾਰਨ ਸਰਕਾਰ ਸਾਹਮਣੇ ਇਕ ਵਾਰ ਚੁਣੌਤੀ ਖੜ੍ਹੀ ਹੋ ਗਈ ਹੈ। ਜਿੱਥੇ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਕੁਝ ਆਗੂ ਸਿਹਤ ਮੰਤਰੀ ਦੇ ਬਚਾਅ ’ਚ ਉਤਰ ਆਏ ਹਨ ਉੱਥੇ ਹੀ ਮੁੱਖ ਮੰਤਰੀ ਨੇ ਇਸ ਪੂਰੇ ਘਟਨਾਕ੍ਰਮ ਲਈ ਸਿਹਤ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। CM ਮਾਨ ਨੇ ਕਿਹਾ ਇਸ ਮਾਮਲੇ ਨੂੰ ਸਹੀ ਢੰਗ ਨਾਲ ਹੱਲ ਕੀਤਾ ਜਾ ਸਕਦਾ ਸੀ।