ਚੰਡੀਗੜ੍ਹ: ਦੇਸ਼ ’ਚ ਦਿਨ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ। ਹੁਣ LPG ਸਿੰਲਡਰਾਂ ਦੀ ਕੀਮਤ ਸੁਣ ਕੇ ਤੁਹਾਨੂੰ ਹੋਰ ਝਟਕਾ ਲੱਗਣ ਵਾਲਾ ਹੈ, ਦਰਅਸਲ ਕਮਰਸ਼ੀਅਲ ਸਿਲੰਡਰਾਂ ’ਤੇ ਦਿੱਤੀ ਜਾਣ ਵਾਲੀ 200 ਤੋਂ 300 ਰੁਪਏ ਦੀ ਛੋਟ ਤੇਲ ਕੰਪਨੀਆਂ ਵਲੋਂ ਬੰਦ ਕਰ ਦਿੱਤੀ ਗਈ ਹੈ।


COMMERCIAL BREAK
SCROLL TO CONTINUE READING


ਕਮਰਸ਼ੀਅਲ ਸਿਲੰਡਰਾਂ 'ਤੇ ਦਿੱਤੀ ਜਾ ਰਹੀ ਸੀ ਜ਼ਿਆਦਾ ਛੋਟ
ਇਹ ਫ਼ੈਸਲਾ ਡਿਸਟ੍ਰੀਬਿਊਟਰਾਂ ਵੱਲੋਂ ਕਮਰਸ਼ੀਅਲ ਸਿਲੰਡਰਾਂ 'ਤੇ ਜ਼ਿਆਦਾ ਛੋਟ ਦੇਣ ਦੀਆਂ ਸ਼ਿਕਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ। ਤਿੰਨ ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (IOC) ਅਤੇ ਐਚਪੀਸੀਐਲ (HPCL) ਅਤੇ ਬੀਪੀਸੀਐਲ (BPCL) ਨੇ ਆਪਣੇ ਵਿਤਰਕਾਂ ਨੂੰ ਇਹ ਛੋਟ ਬੰਦ ਕਰਨ ਲਈ ਕਿਹਾ ਹੈ। ਇਹ ਫੈਸਲਾ 8 ਨਵੰਬਰ 2022 ਤੋਂ ਲਾਗੂ ਹੋ ਚੁੱਕਾ ਹੈ ਅਤੇ ਇਸ ਸਬੰਧੀ ਹੁਕਮ ਵੀ ਆ ਚੁੱਕੇ ਹਨ। 



ਨਵੇਂ ਫੈਸਲੇ ਦੇ ਅਨੁਸਾਰ, ਇੰਡੀਅਨ ਆਇਲ ਕੰਪਨੀ ਨੇ ਇਹ ਵੀ ਆਦੇਸ਼ ਜਾਰੀ ਕੀਤਾ ਹੈ ਕਿ ਉਸਦੇ ਇੰਡੇਨ ਸਿਲੰਡਰ, ਜਿਸ ’ਚ 19 ਕਿਲੋ ਅਤੇ 47.5 ਕਿਲੋਗ੍ਰਾਮ ਦੇ ਸਿਲੰਡਰ ਸ਼ਾਮਲ ਹਨ, ਗਾਹਕ ਅਤੇ ਵਿਤਰਕ ਨੂੰ ਬਿਨਾਂ ਕਿਸੇ ਛੋਟ ਦੇ ਵੇਚੇ ਜਾਣ।



ਕਮਰਸ਼ੀਅਲ ਸਿਲੰਡਰਾਂ ਦੀ ਥਾਂ ਵੱਧ ਜਾਵੇਗੀ ਘਰੇਲੂ ਗੈਸ ਸਿਲੰਡਰਾਂ ਦੀ ਖ਼ਪਤ  
ਇਸ ਦਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਤੇਲ ਕੰਪਨੀਆਂ ਘਰੇਲੂ ਗੈਸ ਸਿਲੰਡਰਾਂ ’ਤੇ ਹੋਣ ਵਾਲੇ ਘਾਟੇ ਦੀ ਪੂਰਤੀ ਲਈ ਸਰਕਾਰ ਨੂੰ ਅਪੀਲ ਕਰ ਰਹੀਆ ਸਨ, ਜਦਕਿ ਉਹ ਕਮਰਸ਼ੀਅਲ ਸਿਲੰਡਰਾਂ ’ਤੇ ਛੋਟ ਦੇ ਰਹੀਆਂ ਸਨ। ਇਸ ਕਾਰਨ ਕੀਮਤਾਂ ’ਚ ਵੱਡੀ ਅਸਮਾਨਤਾ ਵੇਖਣ ਨੂੰ ਮਿਲ ਰਹੀ ਸੀ, ਜਿਸ ਨੂੰ ਦੂਰ ਕਰਨ ਲਈ ਇਹ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ ਹੁਣ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਗਾਹਕ ਹੁਣ ਕਮਰਸ਼ੀਅਲ ਸਿਲੰਡਰਾਂ ਦੀ ਬਜਾਏ ਘਰੇਲੂ ਗੈਸ ਸਿਲੰਡਰਾਂ (domestic LPG cylinder) ਦੀ ਖ਼ਪਤ ਵਧਾ ਦੇਣਗੇ। 



ਸਰਕਾਰੀ ਤੇਲ ਕੰਪਨੀਆਂ ਦੇ ਇਸ ਫ਼ੈਸਲੇ ਦਾ ਅਸਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ’ਤੇ ਵੇਖਣ ਨੂੰ ਮਿਲ ਸਕਦਾ ਹੈ। ਕਿਉਂਕਿ ਜਿਹੜੀ ਰਕਮ ਉਹ ਡਿਸਕਾਊਂਟ ਵਜੋਂ ਡਿਸਟ੍ਰਿਬਿਊਟਰਾਂ ਨੂੰ ਦੇ ਰਹੇ ਸਨ, ਉਹ ਤੇਲ ਕੰਪਨੀਆਂ ਨੂੰ ਨਹੀਂ ਦੇਣੀ ਪਵੇਗੀ। ਇਸ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਵਿਕਰੀ ਕੀਮਤਾਂ ਵਿੱਚ ਕਮੀ ਦੇਖੀ ਜਾ ਸਕਦੀ ਹੈ ਜੋਕਿ ਤੁਹਾਡੇ ਲਈ ਸਸਤੇ ਹੋ ਸਕਦੇ ਹਨ।