ਅੰਮ੍ਰਿਤਸਰ: ਬੀਤੇ ਦਿਨ ਅੰਮ੍ਰਿਤਸਰ ਵਿਖੇ ਪ੍ਰਵਾਸੀ ਪੰਜਾਬੀਆਂ ਦੇ ਵਿਆਹ ਵਿਚ ਗੁੰਡਾਗਰਦੀ ਕਰਨ ਵਾਲੇ ਸ਼ਰਾਬ ਦੇ ਠੇਕੇਦਾਰਾਂ ਉਤੇ ਸਖਤ ਕਾਰਵਾਈ ਕਰਨ ਦੀ ਹਦਾਇਤ ਕਰਦੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸੇ ਵੀ ਸ਼ਰਾਬ ਦੇ ਠੇਕੇਦਾਰ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਦੇ ਵੀ ਵਿਆਹ ਜਾਂ ਸਮਾਗਮ ਵਿਚ ਜਾ ਕੇ ਸ਼ਰਾਬ ਦੀ ਜਾਂਚ ਕਰ ਸਕੇ। ਉਨਾਂ ਕਿਹਾ ਕਿ ਜੇਕਰ ਠੇਕੇਦਾਰ ਨੂੰ ਕੋਈ ਨਾਜਾਇਜ਼ ਸ਼ਰਾਬ ਦੀ ਸੂਹ ਹੈ ਤਾਂ ਉਹ ਐਕਸਾਈਜ਼ ਵਿਭਾਗ ਅਤੇ ਸਥਾਨਕ ਪੁਲਿਸ ਨੂੰ ਨਾਲ ਲੈ ਕੇ ਜਾਂਚ ਕਰਵਾ ਸਕਦਾ ਹੈ, ਪਰ ਉਸਦੇ ਗੁੰਡੇ ਅਜਿਹੇ ਮੌਕਿਆਂ ਉਤੇ ਲੋਕਾਂ ਦੇ ਪ੍ਰੋਗਰਾਮਾਂ ਵਿਚ ਖਲਲ ਨਹੀਂ ਪਾ ਸਕਦੇ ਅਤੇ ਨਾ ਹੀ ਅਸੀਂ ਪਾਉਣ ਦਿਆਂਗੇ। ਅੱਜ ਮੁੱਖ ਮੰਤਰੀ ਪੰਜਾਬ ਦੀ ਤਰਫੋਂ ਪੀੜਤ ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦੇਣ ਉਨਾਂ ਦੇ ਘਰ ਪੁੱਜੇ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਿਚ ਕਿਸੇ ਨਾਲ ਬੇਇਨਸਾਫੀ ਨਹੀਂ ਹੋਵੇਗੀ ਅਤੇ ਇਸ ਮਾਮਲੇ ਵਿਚ ਵੀ ਇਨਸਾਫ ਹੋਵੇਗਾ, ਚਾਹੇ ਕਥਿਤ ਦੋਸ਼ੀ ਕਿੰਨੇ ਵੀ ਵੱਡੇ ਬਦਮਾਸ਼ ਜਾਂ ਧਨਾਢ ਕਿਉਂ ਨਾ ਹੋਣ।


COMMERCIAL BREAK
SCROLL TO CONTINUE READING

ਉਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀ ਪੰਜਾਬ ਦੇ ਵਿਕਾਸ ਵਿਚ ਵੱਡੀ ਭੂਮਿਕਾ ਹੈ ਅਤੇ ਸਾਡੀ ਕੋਸ਼ਿਸ਼ ਇੰਨਾ ਨੂੰ ਮੁੜ ਆਪਣੀਆਂ ਜੜਾਂ ਨਾਲ ਜੋੜਨ ਦੀ ਹੈ, ਨਾ ਕੇ ਤੋੜਨ ਦੀ। ਉਨਾਂ ਕਿਹਾ ਕਿ ਇਹ ਗੁੰਡਾ ਤੰਤਰ ਸਾਡੇ ਤੋਂ ਪਹਿਲਾਂ ਰਾਜ ਕਰ ਰਹੀਆਂ ਪਾਰਟੀਆਂ ਦੀ ਦੇਣ ਹੈ ਅਤੇ ਉਨਾਂ ਦੀ ਸ਼ਹਿ ਉਤੇ ਪਲਿਆ ਹੈ ਪਰ ਹੁਣ ਮਾਨ ਸਰਕਾਰ ਨੇ ਇਸ ਨੂੰ ਜੜੋਂ ਪੁੱਟਣ ਦਾ ਫੈਸਲਾ ਲਿਆ ਹੈ, ਜਿਸ ਨੂੰ ਪੁੱਟ ਕੇ ਹੀ ਸਾਹ ਲਿਆ ਜਾਵੇਗਾ। 
                 
ਉਨਾਂ ਕਿਹਾ ਕਿ ਇਸ ਕੇਸ ਵਿਚ ਅਜਿਹੀ ਸਜ਼ਾ ਦੋਸ਼ੀਆਂ ਨੂੰ ਦਿੱਤੀ ਜਾਵੇਗੀ ਕਿ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਕਰਨ ਦਾ ਹੌਂਸਲਾ ਨਹੀਂ ਕਰੇਗਾ। ਉਨਾਂ ਦੱਸਿਆ ਕਿ ਪੁਲਿਸ ਨੇ ਇਸ ਕੇਸ ਦੀ ਜਾਂਚ ਕਰ ਰਹੇ ਨੌਜਵਾਨ ਅਧਿਕਾਰੀ ਅਭਿਮੰਨਿਊ ਰਾਣਾ, ਏ ਡੀ ਸੀ ਪੀ ਸਿਟੀ 3 ਦੀ ਅਗਵਾਈ ਹੇਠ ਕਾਰਵਾਈ ਕਰਕੇ 12 ਕਥਿਤ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਵਿਚ ਵੀ ਛਾਪੇ ਮਾਰੇ ਜਾ ਰਹੇ ਹਨ। ਪਰਿਵਾਰ ਨੂੰ ਭਰੋਸਾ ਦਿੰਦੇ ਉਨਾਂ ਸਪੱਸ਼ਟ ਕੀਤਾ ਕਿ ਜੇਕਰ ਇਸ ਕੇਸ ਵਿਚ ਕਿਸੇ ਪੁਲਿਸ ਅਧਿਕਾਰੀ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਤਾਂ ਉਸ ਉਤੇ ਵੀ ਕਾਰਵਾਈ ਹੋਵੇਗੀ। 
              



ਧਾਲੀਵਾਲ ਨੇ ਕਿਹਾ ਕਿ ਮੈਂ ਖ਼ੁਦ ਵਿਦੇਸ਼ੀ ਧਰਤੀ ਉਤੇ ਲੰਮਾ ਸਮਾਂ ਰਹਿ ਕੇ ਆਇਆ ਹਾਂ ਤੇ ਇਸ ਘਟਨਾ ਵਿਚ ਜੋ ਦੁੱਖ ਉਨਾਂ ਨੂੰ ਲੱਗਾ ਹੈ ਉਸ ਨੂੰ ਮੈਂ ਨੇੜਿਉਂ ਮਹਿਸੂਸ ਕਰਦਾ ਹਾਂ। ਉਨਾਂ ਕਿਹਾ ਕਿ ਇਸ ਘਟਨਾ ਦਾ ਪਤਾ ਲੱਗਦੇ ਮੈਂ ਪਹਿਲਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਫੋਨ ਕੀਤਾ ਅਤੇ ਫਿਰ ਡੀ ਜੀ ਪੀ ਪੰਜਾਬ ਨਾਲ ਗੱਲ ਕੀਤੀ। ਜਿੰੰਨਾ ਨੇ ਏ ਡੀ ਜੀ ਪੀ ਸ੍ਰੀ ਅਰਪਿਤ ਸ਼ੁਕਲਾ ਨੂੰ ਜਾਂਚ ਦੇ ਆਦੇਸ਼ ਦਿੱਤੇ। ਉਨਾਂ ਦੱਸਿਆ ਕਿ ਕੱਲ ਮੈਂ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵੀ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕੀਤੀਆਂ ਜਾਂਦੀਆਂ ਇੰਨਾ ਵਧੀਕੀਆਂ ਬਾਰੇ ਗੱਲ ਕੀਤੀ ਹੈ ਅਤੇ ਹੁਣ ਇਹ ਗੁੰਡਾਗਰਦੀ ਅਸੀਂ ਚੱਲਣ ਨਹੀਂ ਦਿਆਂਗੇ। 


ਇਸ ਮੌਕੇ ਪਰਿਵਾਰ ਦੇ ਮੈਂਬਰ  ਕੰਵਰਦੀਪ ਸਿੰਘ ਮਿੱਠੂ ਤੇ ਲੜਕੇ ਦੀ ਮਾਤਾ  ਜਸਕਿਰਨ ਕੌਰ ਨੇ ਹੁਣ ਤੱਕ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਉਤੇ ਸੰਤਸ਼ੁਟੀ ਦਾ ਇਜ਼ਹਾਰ ਕਰਦੇ ਕਿਹਾ ਕਿ ਸੂਰੀ ਕਤਲ ਕੇਸ ਮਗਰੋਂ ਪੁਲਿਸ ਨੇ ਜਿਸ ਤਰਾਂ ਸਾਡੇ ਕੇਸ ਵਿਚ ਛਾਪੇਮਾਰੀ ਸ਼ੁਰੂ ਕੀਤੀ ਹੈ, ਉਸ ਨਾਲ ਸਾਨੂੰ ਇਨਸਾਫ ਦੀ ਆਸ ਬਣੀ ਹੈ। ਉਨਾਂ ਕਿਹਾ ਕਿ ਅਸੀਂ ਪੁਲਿਸ ਨਾਲ ਜਾਂਚ ਵਿਚ ਬਰਾਬਰ ਸਹਿਯੋਗ ਕਰ ਰਹੇ ਹਾਂ ਅਤੇ ਅੱਜ ਮੁੱਖ ਮੰਤਰੀ ਪੰਜਾਬ ਦੀ ਤਰਫੋਂ ਕੁਲਦੀਪ ਸਿੰਘ ਧਾਲੀਵਾਲ ਨੇ ਆ ਕੇ ਜੋ ਹੌਸਲਾ ਸਾਨੂੰ ਦਿੱਤਾ ਹੈ ਉਸ ਨਾਲ ਅਸੀਂ ਮਾਨਸਿਕ ਤੌਰ ਉਤੇ ਮਜ਼ਬੂਤ ਹੋਏ ਹਾਂ। ਇਸ ਮੌਕੇ ਐਸ ਡੀ ਐਮ ਹਰਪ੍ਰੀਤ ਸਿੰਘ,  ਅਭਿਮੰਨਿਊ ਰਾਣਾ, ਏ ਡੀ ਸੀ ਪੀ ਸਿਟੀ 3 ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।