Faridkot Encounter: ਕਾਊਂਟਰ ਇੰਟੈਲੀਜੈਂਸ ਨੇ ਮੁਕਾਬਲੇ ਮਗਰੋਂ ਨਸ਼ਾ ਤਸਕਰ ਕੀਤਾ ਗ੍ਰਿਫ਼ਤਾਰ
Faridkot Encounter: ਫਰੀਦਕੋਟ ਵਿੱਚ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਮੁਕਾਬਲੇ ਤੋਂ ਬਾਅਦ ਥਾਰ ਸਵਾਰ ਅੰਮ੍ਰਿਤਸਰ ਦੇ ਇੱਕ ਨਸ਼ਾ ਤਸਕਰ ਤੇ ਉਸਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ।
Faridkot Encounter: ਫਰੀਦਕੋਟ ਵਿੱਚ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਸ਼ੁੱਕਰਵਾਰ ਰਾਤ ਨੂੰ ਇੱਥੋਂ ਦੇ ਪਿੰਡ ਖਾਰਾ ਨੇੜੇ ਇੱਕ ਮੁਕਾਬਲੇ ਤੋਂ ਬਾਅਦ ਥਾਰ ਸਵਾਰ ਅੰਮ੍ਰਿਤਸਰ ਦੇ ਇੱਕ ਨਸ਼ਾ ਤਸਕਰ ਤੇ ਉਸਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਾਬੂ ਕੀਤੇ ਕਥਿਤ ਮੁਲਜ਼ਮ ਨਸ਼ਾ ਤਸਕਰ ਅੰਮ੍ਰਿਤਸਰ ਵਾਸੀ ਭੁਪਿੰਦਰ ਸਿੰਘ ਉਰਫ ਸੋਨੂੰ ਕੰਗਲਾ ਅਤੇ ਉਸ ਦੇ ਸਾਥੀ ਸਰਬਜੀਤ ਸਿੰਘ ਉਰਫ ਬਾਬੂ ਸਾਬ ਉਰਫ ਨਾਥ ਕੋਲੋਂ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ ਤੇ ਇਨ੍ਹਾਂ ਖ਼ਿਲਾਫ਼ ਥਾਣਾ ਫਾਜ਼ਿਲਕਾ ਦੇ ਸਟੇਟ ਆਪ੍ਰੇਸ਼ਨ ਸੈੱਲ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਕਾਊਂਟਰ ਇੰਟੈਲੀਜੈਂਸ ਮੁਤਾਬਕ ਨਸ਼ਾ ਤਸਕਰ ਸੋਨੂੰ ਕੰਗਲਾ ਖ਼ਿਲਾਫ਼ ਨਸ਼ਾ ਤਸਕਰੀ ਅਤੇ ਹੋਰ ਗੰਭੀਰ ਅਪਰਾਧਾਂ ਦੇ 30 ਤੋਂ ਵੱਧ ਕੇਸ ਦਰਜ ਹਨ।
ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਫਰੀਦਕੋਟ ਦੇ ਇੰਚਾਰਜ ਇੰਸਪੈਕਟਰ ਸਤੀਸ਼ ਕੁਮਾਰ ਦੀ ਅਗਵਾਈ ਹੇਠਲੀ ਟੀਮ ਨੇ ਸ਼ੁੱਕਰਵਾਰ ਰਾਤ ਕੋਟਕਪੂਰਾ-ਮੁਕਤਸਰ ਰੋਡ 'ਤੇ ਪਿੰਡ ਖਾਰਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਕਤਸਰ ਰੋਡ ਤੋਂ ਆ ਰਹੀ ਇੱਕ ਥਾਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਕਤ ਥਾਰ ਸਵਾਰ ਨੇ ਗੱਡੀ ਰੋਕਣ ਦੀ ਬਜਾਏ ਨੇੜੇ ਆ ਕੇ ਟੀਮ 'ਤੇ ਗੋਲੀ ਚਲਾ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਇਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਟੀਮ ਨੇ ਥਾਰ ਗੱਡੀ ਦਾ ਪਿੱਛਾ ਕੀਤਾ। ਟੀਮ ਨੇ ਪਹਿਲਾਂ ਏਕੇ 47 ਨਾਲ ਹਵਾਈ ਫਾਇਰ ਕੀਤੇ ਅਤੇ ਗੱਡੀ ਨਾ ਰੁਕਣ 'ਤੇ ਗੱਡੀ ਦੇ ਟਾਇਰਾਂ 'ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਥਾਰ ਗੱਡੀ ਰੁਕ ਗਈ ਅਤੇ ਉਸ 'ਚੋਂ 2 ਵਿਅਕਤੀ ਖੇਤਾਂ ਵੱਲ ਭੱਜੇ, ਜਿਨ੍ਹਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਕੀਤਾ ਗਿਆ। ਫੜੇ ਗਏ ਦੋਵਾਂ ਮੁਲਜ਼ਮਾਂ ਕੋਲੋਂ ਯੂ.ਐੱਸ.ਏ ਬਣੀ 32 ਬੋਰ ਦਾ ਪਿਸਤੌਲ ਅਤੇ ਖਾਲੀ ਮੈਗਜ਼ੀਨ ਬਰਾਮਦ ਹੋਇਆ ਹੈ।
ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਸਤੀਸ਼ ਕੁਮਾਰ ਦੀ ਸ਼ਿਕਾਇਤ 'ਤੇ ਥਾਣਾ ਸਦਰ ਫਾਜ਼ਿਲਕਾ 'ਚ ਬੀਐੱਨਐੱਸ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਵਿੱਚੋਂ ਇੱਕ ਸੋਨੂੰ ਕੰਗਲਾ ਖ਼ਿਲਾਫ਼ 30 ਦੇ ਕਰੀਬ ਕੇਸ ਦਰਜ ਹਨ ਅਤੇ ਹੁਣ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਭੇਜਿਆ ਜਾਵੇਗਾ।