Punjab News: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਅਸਾਮ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚਾਰ ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਅੰਤਰਰਾਸ਼ਟਰੀ ਆਨਲਾਈਨ ਜੌਬ ਫਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਦਿੱਤੀ। ਇਹ ਗਿਰੋਹ ਦੇ ‘ਟੈਲੀਗ੍ਰਾਮ’ ਮੋਬਾਈਲ ਐਪ ਦੇ ਗਰੁੱਪਾਂ ਦੀ ਵਰਤੋਂ ਕਰਕੇ “ਵਰਕ ਫਰਾਮ ਹੋਮ’’ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕਰਕੇ ਭੋਲੇ-ਭਾਲੇ ਵਿਅਕਤੀਆਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ।


COMMERCIAL BREAK
SCROLL TO CONTINUE READING

 ”ਡੀਜੀਪੀ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰ  ਭਰੋਸਾ ਹਾਸਲ ਕਰਨ ਲਈ  ਪਹਿਲਾਂ ਪੀੜਤਾਂ ਨੂੰ ਛੋਟੇ-ਮੋਟੇ ਕੰਮ ਕਰਨ ਬਦਲੇ ਥੋੜ੍ਹੀ ਜਿਹੀ ਰਕਮ ਅਦਾ ਕਰਦੇ ਸਨ। ਬਾਅਦ ਵਿੱਚ, ਪੀੜਤ ਨੂੰ ਵੱਡੀ ਰਕਮ ਵਾਪਸ ਕਰਨ ਦਾ ਲਾਲਚ ਦੇ ਕੇ  ਵੱਖ-ਵੱਖ ਬਹਾਨਿਆਂ ਨਾਲ ਪੈਸੇ ਠੱਗਦੇ ਸਨ । ਉਨ੍ਹਾਂ ਕਿਹਾ ਕਿ ਇਹਨਾਂ ਗ੍ਰਿਫਤਾਰੀਆਂ ਨਾਲ ਪੰਜਾਬ ਪੁਲਿਸ ਨੇ ਪੂਰੇ ਦੇਸ਼ ਵਿੱਚ ਵੱਡੇ ਪੱਧਰ ’ਤੇ ਫੈਲੇ ਸਾਈਬਰ ਧੋਖਾਧੜੀ  ਗਠਜੋੜ ਨੂੰ ਨੱਥ ਪਾਉਣ ਲਈ ਵੱਡੀ ਪੁਲਾਂਘ ਪੁੱਟੀ ਹੈ।


ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਹੀਰੁਲ ਇਸਲਾਮ, ਰਫੀਉਲ ਇਸਲਾਮ, ਮਹਿਬੂਬ ਆਲਮ ਅਤੇ ਅਜ਼ੀਜ਼ੁਰ ਰਹਿਮਾਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਦੋ ਸਵਾਈਪ ਮਸ਼ੀਨਾਂ, ਦੋ ਬਾਇਓਮੈਟ੍ਰਿਕ ਸਕੈਨਰ, ਇੱਕ ਆਈ ਸਕੈਨਰ, ਇੱਕ ਫਿੰਗਰਪ੍ਰਿੰਟ ਸਕੈਨਰ, 38 ਪੈਨ ਕਾਰਡ, 32 ਡੈਬਿਟ/ਕ੍ਰੈਡਿਟ ਕਾਰਡ, 16 ਸਿਮ ਕਾਰਡ, 10 ਵੋਟਰ ਕਾਰਡ, 9 ਆਧਾਰ ਕਾਰਡ, 10 ਬੈਂਕ ਖਾਤੇ ਦੀਆਂ ਪਾਸਬੁੱਕਾਂ/ਚੈੱਕਬੁੱਕਾਂ ,ਪੰਜ ਸਰਕਾਰੀ ਰਸੀਦੀ ਟਿਕਟਾਂ, ਪੰਜ ਮੋਬਾਈਲ ਫ਼ੋਨ, ਇੱਕ ਲੈਪਟਾਪ, ਦੋ ਪੈਨ ਡਰਾਈਵਾਂ ਅਤੇ ਇੱਕ ਐਸਬੀਆਈ ਆਈਡੀ ਕਾਰਡ ਬਰਾਮਦ ਕੀਤਾ  ਹੈ।


ਇਹ ਵੀ ਪੜ੍ਹੋ: Farmer Protest: ਕਿਸਾਨੀ ਅੰਦੋਲਨ 'ਤੇ ਹੋ ਰਹੀ ਸਿਆਸਤ; ਮੋਦੀ ਨੂੰ ਬਦਨਾਮ ਕਰਨ ਦੀ ਸਾਜਿਸ਼- ਜਿਆਣੀ


ਏਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਦੱਸਿਆ ਕਿ ਧੋਖੇਬਾਜ਼ਾਂ ਦੁਆਰਾ 25 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਈ ਇੱਕ ਔਰਤ ਦੀ ਸ਼ਿਕਾਇਤ ਤੋਂ ਬਾਅਦ, ਐਸਆਈ ਜੁਝਾਰ ਸਿੰਘ ਜੰਜੂਆ ਅਤੇ ਐਸਆਈ ਦਵਿੰਦਰ ਕਾਸ਼ਨੀ ਦੀ ਅਗਵਾਈ ਵਿੱਚ  ਸਾਈਬਰ ਕ੍ਰਾਈਮ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਗਿਰੋਹ ਅਸਾਮ ਦੇ ਵੱਖ ਵੱਖ ਜ਼ਿਲਿ੍ਹਆਂ ਤੋਂ ਚਲਾਇਆ ਜਾ  ਰਿਹਾ ਸੀ।


ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਮਹਿਬੂਬ ਆਲਮ ਨੂੰ ਗੁਹਾਟੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਖੁਲਾਸਾ ਕੀਤਾ ਕਿ ਉਹ ਅਜ਼ੀਜ਼ੁਰ ਰਹਿਮਾਨ ਦੇ ਸੰਪਰਕ ਵਿੱਚ ਆਇਆ ਸੀ, ਜਿਸ ਨੇ ਉਸ ਨੂੰ ਕਮਿਸ਼ਨ ਦੇ ਆਧਾਰ ’ਤੇ ਬੈਂਕ ਖਾਤੇ ਮੁਹੱਈਆ ਕਰਵਾਉਣ ਲਈ ਕਿਹਾ ਸੀ। ਪੁਲਿਸ ਟੀਮਾਂ ਨੇ ਆਸਾਮ ਦੇ ਮੋਰੀਗਾਂਵ ਜ਼ਿਲ੍ਹੇ ਤੋਂ ਮੁਲਜ਼ਮ ਅਜ਼ੀਜ਼ੁਰ ਰਹਿਮਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।


ਇਹ ਵੀ ਪੜ੍ਹੋ: Ferozepur News: ਬਦਮਾਸ਼ਾਂ ਨੇ ਬੰਦੂਕ ਦਿਖਾ ਦੁਕਾਨ 'ਚ ਕੀਤੀ ਲੁੱਟ, ਦੁਕਾਨਦਾਰਾਂ ਨੇ ਲਗਾਇਆ ਧਰਨਾ


ਹੋਰ ਵੇਰਵਿਆਂ ਨੂੰ ਸਾਂਝੇ ਕਰਦੇ ਹੋਏ ਡੀ.ਆਈ.ਜੀ. ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੁਣ ਤੱਕ 23 ਰਾਜਾਂ ਦੇ 160 ਪੀੜਤਾਂ ਨਾਲ ਧੋਖਾਧੜੀ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਦੌਰਾਨ ਹੋਰ ਪੀੜਤਾਂ ਦੀ ਪਛਾਣ ਹੋਣ ਦੀ ਸੰਭਾਵਨਾ ਹੈ। ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁੱਖ ਸਰਗਨਾ, ਜੋ ਵਿਦੇਸ਼ਾਂ ਤੋਂ ਇਸ ਧੋਖਾਧੜੀ ਦੇ ਰੈਕੇਟ ਨੂੰ ਚਲਾ ਰਹੇ ਹਨ, ਕ੍ਰਿਪਟੋਕਰੰਸੀ ਵਿੱਚ ਪੈਸੇ ਪ੍ਰਾਪਤ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਡੀਐਸਪੀ ਸਾਈਬਰ ਕ੍ਰਾਈਮ, ਪ੍ਰਭਜੋਤ ਕੌਰ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਗ੍ਰਿਫਤਾਰੀਆਂ ਦੀ ਆਸ ਹੈ।