ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥ ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥


COMMERCIAL BREAK
SCROLL TO CONTINUE READING

ਪਦਅਰਥ:- ਜਾਨੈ—ਸਾਂਝ ਰੱਖਦਾ ਹੈ। ਤਾ ਕਉ—ਉਸ ਵਾਸਤੇ। ਕਾਹੋ ਅਚਰਜੁ—ਕਿਹੜਾ ਅਨੋਖਾ ਕੰਮ? ਕੋਈ ਵੱਡੀ ਅਨੋਖੀ ਗੱਲ ਨਹੀਂ। ਪੈਸਿ—ਪੈ ਕੇ। ਢੁਰਿ—ਢਲ ਕੇ, ਨਰਮ ਹੋ ਕੇ, ਆਪਾ-ਭਾਵ ਗੰਵਾ ਕੇ।1। ਭੋਰਾ—ਭੋਲਾ। ਤਉ—ਤਾਂ। ਤਜਹਿ—ਤਿਆਗ ਦੇਵੇ। ਕਬੀਰਾ—ਹੇ ਕਬੀਰ! ਨਿਹੋਰਾ—ਅਹਿਸਾਨ, ਉਪਕਾਰ।1। ਰਹਾਉ। ਰੇ ਲੋਈ—ਹੇ ਲੋਕ! ਜੇ ਜਗਤ! (ਨੋਟ:- ਲਫ਼ਜ਼ ‘ਰੇ’ ਪੁਲਿੰਗ ਹੈ, ਇਸ ਦਾ ਇਸਤ੍ਰੀ-ਲਿੰਗ ‘ਰੀ’ ਹੈ। ਸੋ, ਕਬੀਰ ਜੀ ਇੱਥੇ ਆਪਣੀ ਵਹੁਟੀ ‘ਲੋਈ’ ਨੂੰ ਨਹੀਂ ਆਖ ਰਹੇ)। ਊਖਰੁ—ਕੱਲਰ। ਮਗਹਰੁ—ਇਕ ਪਿੰਡ ਦਾ ਨਾਮ ਹੈ, ਇਹ ਪਿੰਡ ਯੂ. ਪੀ. ਦੇ ਜ਼ਿਲੇ ਬਸਤੀ ਵਿਚ ਹੈ। ਹਿੰਦੂ ਲੋਕਾਂ ਦਾ ਖ਼ਿਆਲ ਹੈ ਕਿ ਇਸ ਥਾਂ ਨੂੰ ਸ਼ਿਵ ਜੀ ਨੇ ਸਰਾਪ ਦੇ ਦਿੱਤਾ ਸੀ, ਇਸ ਵਾਸਤੇ ਇੱਥੇ ਮਰਿਆਂ ਮੁਕਤੀ ਨਹੀਂ ਮਿਲ ਸਕਦੀ।2।


ਅਰਥ:- ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ,ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ। ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ।1। ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ)। (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ?।1। ਰਹਾਉ। (ਪਰ) ਕਬੀਰ ਆਖਦਾ ਹੈ—ਹੇ ਲੋਕੋ! ਸੁਣੋ,ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ), ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ)।2।3।