ਚੰਡੀਗੜ੍ਹ: ਸੁਧੀਰ ਸੂਰੀ ਤੋਂ ਬਾਅਦ ਬੀਤੇ ਦਿਨ ਫ਼ਰੀਦਕੋਟ ’ਚ ਡੇਰਾ ਪ੍ਰੇਮੀ ਪਰਦੀਪ ਦੀ ਦਿਨ ਦਿਹਾੜੇ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ। 


COMMERCIAL BREAK
SCROLL TO CONTINUE READING


ਇਸ ਹੱਤਿਆ ਮਾਮਲੇ ’ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਮੈਬਰਾਂ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 3 ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ’ਚੋਂ 2 ਸ਼ੂਟਰ ਰੋਹਤਕ ਅਤੇ 1 ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ। 



ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਨੇ ਪਟਿਆਲਾ ਦੇ ਪਿੰਡ ਬਖਸ਼ੀਵਾਲਾ ’ਚ ਪੁਲਿਸ ਵਾਲਿਆਂ ’ਤੇ ਗੋਲੀਆਂ ਚਲਾਈਆਂ। ਦੱਸਿਆ ਜਾ ਰਿਹਾ ਹੈ ਕਾਬੂ ਕੀਤੇ ਗਏ 2 ਸ਼ੂਟਰ ਨਾਬਾਲਗ ਹਨ, ਡੇਰਾ ਪ੍ਰੇਮੀ ਪਰਦੀਪ ਦੀ ਹੱਤਿਆ ਦੌਰਾਨ ਕੁੱਲ 60 ਰਾਊਂਡ ਫ਼ਾਇਰ ਹੋਏ।  



ਪੁਲਿਸ ਦੀ ਸ਼ੁਰੂਆਤੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕੁੱਲ 6 ਸ਼ਾਰਪ ਸ਼ੂਟਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਜਿਨ੍ਹਾਂ ’ਚੋਂ 4 ਹਰਿਆਣਾ ਅਤੇ 2 ਪੰਜਾਬ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਹਾਲਾਂਕਿ  ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਪੁਲਿਸ ਵਲੋਂ 6 ਮੁਲਜ਼ਮਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ। 
ਹੁਣ ਡੇਰਾ ਪ੍ਰੇਮੀ (Dera follower) ਪਰਦੀਪ ਦੀ ਹੱਤਿਆ ’ਚ ਵੀ ਗੈਂਗਸਟਰ ਕੁਨੈਕਸ਼ਨ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕੈਨੇਡਾ ਤੋਂ ਅਮਰੀਕਾ ਫ਼ਰਾਰ ਹੋਏ ਗੋਲਡੀ ਬਰਾੜ ਨੇ ਹੁਣ ਪਾਕਿਸਤਾਨ ’ਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਨਾਲ ਹੱਥ ਮਿਲਾ ਲਿਆ ਹੈ। 



ਇਸ ਹੱਤਿਆ ਕਾਂਡ ’ਚ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ. ਐੱਸ. ਆਈ. (ISI)  ਦਾ ਦਿਮਾਗ ਹੈ, ਜਿਸਨੇ ਰਿੰਦਾ ਅਤੇ ਗੋਲਡੀ ਬਰਾੜ (Goldy Brar) ਦੀ ਮਦਦ ਨਾਲ ਡੇਰਾ ਪ੍ਰੇਮੀ ਦੀ ਹੱਤਿਆ ਕਰਵਾਈ ਹੈ। 



ਗੌਰਤਲੱਬ ਹੈ ਕਿ ਇਸ ਹੱਤਿਆ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਪਹਿਲਾਂ ਹੀ ਆਪਣੇ ਫੇਸਬੁੱਕ ਪੇਜ ’ਤੇ ਪੋਸਟ ਰਾਹੀਂ ਲੈ ਚੁੱਕਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ (Sacrilege Case) ਦੇ ਇਲਜ਼ਾਮਾਂ ’ਚ ਘਿਰੇ ਡੇਰਾ ਪ੍ਰੇਮੀ ਪਰਦੀਪ ਸਿੰਘ (Pardeep singh) ਉਰਫ਼ ਰਾਜੂ ਨੂੰ ਬੀਤੇ ਵੀਰਵਾਰ 6 ਹਥਿਆਰਬੰਦ ਨੌਜਵਾਨਾਂ ਨੇ ਸਵੇਰੇ 7 ਕੁ ਵਜੇ ਉਸਦੀ ਦੁਕਾਨ ’ਚ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਦੌਰਾਨ ਸੁਰੱਖਿਆ ਮੁਲਾਜ਼ਮ ਹਾਕਮ ਸਿੰਘ ਜਦੋਂ ਬਚਾਅ ਲਈ ਅੱਗੇ ਆਉਣ ਲੱਗਿਆ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਗੋਲੀਆਂ ਚਲਾ ਦਿੱਤੀਆਂ।



ਡੇਰਾ ਪ੍ਰੇਮੀ ਪਰਦੀਪ ਸਿੰਘ ਜਦੋਂ ਆਪਣੇ ਬਚਾਅ ਲਈ ਭੱਜਣ ਲੱਗਾ ਤਾਂ ਇੱਕ ਗੋਲੀ ਨੇੜੇ ਖੜ੍ਹੇ ਸਾਬਕਾ ਐਮ. ਸੀ. (MC) ਅਮਰ ਸਿੰਘ ਵਿਰਦੀ ਨੂੰ ਵੀ ਗੋਲੀ ਲੱਗ ਗਈ। ਘਟਨਾ ’ਚ ਜਖ਼ਮੀ ਹੋਏ ਤਿੰਨੋ ਵਿਅਕਤੀਆਂ ਨੂੰ ਕੋਟਕਪੁਰਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਪਰਦੀਪ ਸਿੰਘ ਨੇ ਦਮ ਤੋੜ ਦਿੱਤਾ ਸੀ।