ਸੂਬੇ ’ਚ ਡੇਂਗੂ ਦਾ ਕਹਿਰ: ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵੀ ਆਏ ਲਪੇਟ ’ਚ
ਡੇਂਗੂ ਲਗਾਤਾਰ ਸੂਬੇ ’ਚ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵੀ ਡੇਂਗੂ ਦੀ ਲਪੇਟ ’ਚ ਆ ਗਏ ਹਨ।
ਚੰਡੀਗੜ੍ਹ: ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਮੁੱਦੇ ’ਤੇ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ’ਚ ਆਮ ਆਦਮੀ ਕਲੀਨਿਕ ਖੋਲ੍ਹੇ ਜਾਣ ਤੋਂ ਬਾਅਦ ਸੱਤਾ ਧਿਰ ਵਲੋਂ ਆਪਣੀ ਪਿੱਠ ਥਪਥਪਾਈ ਜਾ ਰਹੀ ਹੈ।
ਉੱਧਰ ਦੂਜੇ ਪਾਸੇ ਡੇਂਗੂ ਲਗਾਤਾਰ ਸੂਬੇ ’ਚ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. (Harbhajan Singh ETO) ਵੀ ਡੇਂਗੂ ਦੀ ਲਪੇਟ ’ਚ ਆ ਗਏ ਹਨ, ਜਿਸਦੇ ਚੱਲਦਿਆਂ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਇਸ ਮੌਕੇ ਹਸਪਤਾਲ ਦੇ ਸੁਪਰਡੈਂਟ ਡਾਕਟਰ ਕਰਨਜੀਤ ਸਿੰਘ ਨੇ ਦੱਸਿਆ ਕਿ ਮੰਤਰੀ ਈ. ਟੀ. ਓ ਦੀ ਹਾਲਤ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਇਸ ਵੇਲੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਸੂਬੇ ਭਰ ’ਚ ਡੇਂਗੂ ਮਰੀਜ਼ਾਂ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਤੁਸੀਂ ਡੇਂਗੂ ਤੋਂ ਪੀੜਤ ਹੋ ਤਾਂ ਇਲਾਜ ਲਈ ਨੇੜੇ ਦੇ ਸਰਕਾਰੀ ਹਸਪਤਾਲ ’ਚ ਸੰਪਰਕ ਕਰ ਸਕਦੇ ਹੋ।