Machhiwara News(ਵਰੁਣ ਕੌਸ਼ਲ):  ਸਮਰਾਲਾ ਦੇ ਬਲਾਕ ਮਾਛੀਵਾੜਾ ਦੇ ਪਿੰਡ ਸ਼ਤਾਬਗੜ੍ਹ ਵਿਖੇ ਪੰਚਾਇਤ ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਰੱਦ ਨਾ ਹੋਣ ਉਤੇ ਮਾਮਲਾ ਗਰਮਾ ਗਿਆ ਅਤੇ ਦੋਵੇਂ ਧਿਰਾਂ ਇੱਕ ਦੂਜੇ ਉਤੇ ਗੰਭੀਰ ਦੋਸ਼ ਲਗਾ ਰਹੀਆਂ ਹਨ। ਪਿੰਡ ਸ਼ਤਾਬਗੜ੍ਹ ਵਿੱਚ ਸਰਪੰਚ ਦੀ ਚੋਣ ਲੜ ਰਹੇ ਮੱਖਣ ਸਿੰਘ ਨੇ ਕਿਹਾ ਕਿ ਉਹ ਚੋਣ ਲੜ ਰਿਹਾ ਹੈ ਅਤੇ ਉਸ ਖਿਲਾਫ਼ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ, ਗੰਗਾ ਸਿੰਘ ਪੁੱਤਰ ਜਰਨੈਲ ਸਿੰਘ ਚੋਣ ਲੜ ਰਹੇ ਹਨ।


COMMERCIAL BREAK
SCROLL TO CONTINUE READING

ਉਸ ਨੇ ਕਿਹਾ ਕਿ ਮੈਂ ਕੱਲ੍ਹ ਚੋਣ ਅਧਿਕਾਰੀ ਨੂੰ ਲਿਖਤੀ ਰੂਪ ਵਿਚ ਇਤਰਾਜ ਲਗਾਇਆ ਸੀ ਕਿ ਇਹ ਵਿਅਕਤੀ ਪਿੰਡ ਦੀ ਪੰਚਾਇਤੀ ਜ਼ਮੀਨ ਉਤੇ ਨਾਜਾਇਜ਼ ਕਾਬਜ਼ਕਾਰ ਹਨ ਜਿਸ ਸਬੰਧੀ ਮੈਂ ਸਾਰੇ ਦਸਤਾਵੇਜ਼ ਵੀ ਪੇਸ਼ ਕੀਤੇ। ਉਨ੍ਹਾਂ ਨੇ ਕਿਹਾ ਕਿ ਚੋਣ ਅਧਿਕਾਰੀ ਨੇ ਧੱਕੇਸ਼ਾਹੀ ਕਰਦਿਆਂ ਉਨ੍ਹਾਂ ਦੇ ਇਤਰਾਜ ਉਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮੌਕੇ ਪਿੰਡ ਦੇ ਵਾਸੀ ਲਾਭ ਸਿੰਘ ਨੇ ਦੱਸਿਆ ਕਿ ਸਰਪੰਚ ਦੀ ਚੋਣ ਲੜ ਰਿਹਾ ਮਨਜੀਤ ਸਿੰਘ ਅਤੇ ਗੰਗਾ ਸਿੰਘ ਦੇ ਪਰਿਵਾਰ ਖਿਲਾਫ਼ ਅਦਾਲਤ ਵਿਚ ਰਿੱਟ ਦਾਇਰ ਕੀਤੀ ਸੀ ਕਿ ਇਹ ਪੰਚਾਇਤੀ ਜ਼ਮੀਨ ਉਤੇ ਕਾਬਜਕਾਰ ਹਨ।


ਅਦਾਲਤ ਨੇ ਇਨ੍ਹਾਂ ਨਾਜਾਇਜ਼ ਕਾਬਜਕਾਰਾਂ ਤੋਂ ਕਬਜ਼ਾ ਛੁਡਾਉਣ ਦੇ ਆਰਡਰ ਕੀਤੇ ਹੋਏ ਹਨ ਪਰ ਪੰਚਾਇਤ ਵਿਭਾਗ ਨੇ ਇਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਇਤਰਾਜ ਦਾਖ਼ਲ ਕੀਤੇ ਕਿ ਇਹ ਵਿਅਕਤੀ ਚੋਣ ਨਹੀਂ ਲੜ ਸਕਦੇ ਪਰ ਚੋਣ ਅਧਿਕਾਰੀਆਂ ਨੇ ਮਿਲੀਭੁਗਤ ਕਰਕੇ ਇਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਲਈ ਹੁਣ ਅਦਾਲਤ ਅਤੇ ਚੋਣ ਆਬਜ਼ਰਵਰ ਨੂੰ ਇਸ ਦੀ ਸ਼ਿਕਾਇਤ ਕਰਾਂਗੇ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਉਤੇ ਨਾਜਾਇਜ਼ ਕਾਬਜਕਾਰਾਂ ਨੂੰ ਐੱਨਓਸੀ ਦੇਣਾ ਹੀ ਗੈਰ ਕਾਨੂੰਨੀ ਹੈ ਅਤੇ ਇਸ ਸਬੰਧੀ ਜੋ ਵੀ ਜ਼ਿੰਮੇਵਾਰ ਵਿਅਕਤੀ ਹਨ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।


ਪਿੰਡ ਸ਼ਤਾਬਗੜ੍ਹ ਪੰਚਾਇਤੀ ਚੋਣ ਲੜ ਰਹੇ ਮਨਜੀਤ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਨੇ ਜੋ ਮੇਰੇ ਉਤੇ ਪੰਚਾਇਤੀ ਜ਼ਮੀਨ ਉਤੇ ਨਾਜਾਇਜ਼ ਕਬਜੇ ਦੇ ਦੋਸ਼ ਲਗਾਏ ਹਨ ਉਹ ਬਿਲਕੁਲ ਗਲਤ ਹਨ। ਉਨ੍ਹਾਂ ਕਿਹਾ ਕਿ ਜਿੱਥੇ ਮੇਰਾ ਘਰ ਹੈ ਉਹ ਰਜਿਸਟਰੀ ਵਾਲੀ ਹੈ ਨਾ ਕਿ ਪੰਚਾਇਤੀ ਜ਼ਮੀਨ। ਉਨ੍ਹਾਂ ਨੇ ਕਿਹਾ ਕਿ ਮੈਂ ਹਲਫ਼ੀਆ ਬਿਆਨ ਦਿੱਤਾ ਹੈ ਕਿ ਜਿਸ ਘਰ ਵਿਚ ਮੈਂ ਰਹਿ ਰਿਹਾ ਹਾਂ ਉਹ ਪੰਚਾਇਤੀ ਜ਼ਮੀਨ ਵਿਚ ਨਹੀਂ ਹੈ। ਮਨਜੀਤ ਸਿੰਘ ਨੇ ਕਿਹਾ ਕਿ ਮੇਰੇ ਖਿਲਾਫ਼ ਅਦਾਲਤ ਵੱਲੋਂ ਕੋਈ ਵੀ ਆਰਡਰ ਜਾਰੀ ਨਹੀਂ ਹੋਏ।


ਪਿੰਡ ਸ਼ਤਾਬਗਡ਼੍ਹ ਵਿਖੇ ਚੋਣ ਲੜ ਰਹੇ ਵਿਅਕਤੀਆਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਮਾਮਲੇ ਨੂੰ ਲੈ ਕੇ ਬੀਡੀਪੀਓ ਅਤੇ ਚੋਣ ਅਧਿਕਾਰੀ ਦੇ ਬਿਆਨ ਅਲੱਗ-ਅਲੱਗ ਸਾਹਮਣੇ ਆਏ ਹਨ। ਇਸ ਸਬੰਧੀ ਬੀਡੀਪੀਓ ਰੁਪਿੰਦਰ ਕੌਰ ਨੇ ਕਿਹਾ ਕਿ ਮਨਜੀਤ ਸਿੰਘ ਤੇ ਗੰਗਾ ਸਿੰਘ ਪਿੰਡ ਦੀ ਪੰਚਾਇਤੀ ਜਗ੍ਹਾ ਉਤੇ ਨਾਜਾਇਜ਼ ਕਾਬਜਕਾਰ ਹਨ ਜਿਸ ਸਬੰਧੀ ਉਨ੍ਹਾਂ ਰਿਪੋਰਟ ਬਣਾ ਕੇ ਚੋਣ ਅਧਿਕਾਰੀ ਨੂੰ ਭੇਜੀ ਪਰ ਉਸਨੇ ਕਿਉਂ ਕਾਰਵਾਈ ਨਹੀਂ ਕੀਤੀ ਇਸ ਬਾਰੇ ਤਾਂ ਓਹੀ ਦੱਸ ਸਕਦਾ ਹੈ।


ਦੂਸਰੇ ਪਾਸੇ ਚੋਣ ਅਧਿਕਾਰੀ ਕੁਲਵੰਤ ਸਿੰਘ ਨੇ ਕਿਹਾ ਕਿ ਬੀਡੀਪੀਓ ਵੱਲੋਂ ਅਜਿਹੀ ਕੋਈ ਰਿਪੋਰਟ ਉਨ੍ਹਾਂ ਕੋਲ ਨਹੀਂ ਆਈ ਅਤੇ ਜੇ ਉਨ੍ਹਾਂ ਕੋਲ ਰਿਪੋਰਟ ਆਈ ਹੁੰਦੀ ਤਾਂ ਉਹ ਜ਼ਰੂਰ ਕਾਰਵਾਈ ਕਰਦੇ। ਇਸ ਮਾਮਲੇ ਵਿਚ ਕੌਣ ਸੱਚਾ ਕੌਣ ਝੂਠਾ ਇਸ ਮਾਮਲੇ ਦੀ ਚੋਣ ਆਬਜ਼ਰਵਰ ਜਾਂਚ ਕਰਕੇ ਸੱਚਾਈ ਸਾਹਮਣੇ ਲਿਆ ਸਕਦਾ ਹੈ।