ਚੰਡੀਗੜ੍ਹ: ਬਾਬਾ ਫ਼ਰੀਦ ਯੂਨੀਵਰਸਿਟੀ ਦੇ VC ਡਾ. ਰਾਜ ਬਹਾਦੁਰ ਤੇ ਸਿਹਤ ਮੰਤਰੀ ਜੌੜੇਮਾਜਰਾ ’ਚ ਹੋਏ ਵਿਵਾਦ ਤੋਂ ਬਾਅਦ CM ਭਗਵੰਤ ਮਾਨ ਨੇ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਸਿਹਤ ਮੰਤਰੀ ਨਾਲ ਮੁਲਾਕਾਤ ਕੀਤੀ।
ਮੁੱਖ ਮੰਤਰੀ ਵਲੋਂ ਇਸ ਬੈਠਕ ਦੌਰਾਨ ਸੂਬੇ ’ਚ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਨਾਲ ਨਾਲ ਡੇਂਗੂ ਤੇ ਮੇਲਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਦੁਆਰਾ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ CM ਮਾਨ ਨੇ ਸਿਹਤ ਮੰਤਰੀ ਜੌੜੇਮਾਜਰਾ ਨਾਲ ਦੂਰੀ ਬਣਾਈ ਰੱਖੀ ਤੇ ਉਨ੍ਹਾਂ ਦੀ ਥਾਂ ਵਿਭਾਗ ਦੇ ਅਧਿਕਾਰੀਆਂ ਨਾਲ ਵੱਧ ਰਾਬਤਾ ਰੱਖਿਆ। 


COMMERCIAL BREAK
SCROLL TO CONTINUE READING


'ਆਪ' ਦਾ IT ਵਿੰਗ ਸਿਹਤ ਮੰਤਰੀ ਦੀ ਕਾਰਵਾਈ ਨੂੰ ਠਹਿਰਾ ਰਿਹਾ ਸਹੀ
VC ਦੇ ਅਸਤੀਫ਼ੇ ਮਾਮਲੇ ’ਚ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਇਸ ਮਾਮਲੇ ਨੂੰ ਹੋਰ ਢੰਗ ਨਾਲ ਨਜਿੱਠਿਆ ਜਾ ਸਕਦਾ ਸੀ। ਜਿੱਥੇ ਮੁੱਖ ਮੰਤਰੀ ਮਾਨ ਵਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨਾਲ ਸੰਪਰਕ ਕਰਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦਾ ਆਈਟੀ ਵਿੰਗ ਸਿਹਤ ਮੰਤਰੀ ਦੀ ਕਾਰਵਾਈ ਨੂੰ ਸਹੀ ਠਹਿਰਾਉਂਦਾ ਨਜ਼ਰ ਆ ਰਿਹਾ ਹੈ। 


 



ਹਿਮਾਚਲ ਦੀਆਂ ਚੋਣਾਂ ਨੂੰ ਦੇਖਦਿਆਂ ਪਾਰਟੀ ਨੂੰ ਲੈਣਾ ਚਾਹੁੰਦੀ ਕੋਈ ਜੋਖ਼ਮ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨਾ ਤਾਂ ਵਾਈਸ ਚਾਂਸਲਰ ਨੂੰ ਨਰਾਜ਼ ਕਰਨਾ ਚਾਹੁੰਦੀ ਹੈ ਤੇ ਨਾ ਹੀ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੀ ਦਰਜਾਬੰਦੀ ਘਟਾਉਣ ਦੇ ਹੱਕ ’ਚ ਹੈ। ਜੇਕਰ ਕਿਸੇ ਹਾਲਾਤ ’ਚ ਡਾ. ਰਾਜ ਕੁਮਾਰ ਬਹਾਦੁਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਜਾਂਦਾ ਹੈ ਤਾਂ ਵਿਰੋਧੀ ਧਿਰਾਂ ਨੂੰ ਹਿਮਾਚਲ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਵੱਡਾ ਸਿਆਸੀ ਮੁੱਦਾ ਮਿਲ ਜਾਵੇਗਾ। ਕਿਉਂਕਿ ਡਾ. ਰਾਜ ਕੁਮਾਰ ਮੂਲ ਰੂਪ ’ਚ ਹਿਮਾਚਲਪ੍ਰਦੇਸ਼ ਦੇ ਰਹਿਣ ਵਾਲੇ ਹਨ, ਜਿਸ ਕਾਰਨ 'ਆਪ' ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦੀ। 


 



ਸੋਸ਼ਲ ਮੀਡੀਆ ’ਤੇ ਛਾਇਆ ਇਹ ਮੁੱਦਾ
ਵਿਰੋਧੀ ਧਿਰਾਂ ਸਿੱਧਾ-ਸਿੱਧਾ ਵਾਈਸ ਚਾਂਸਲਰ ਦੀ ਹਮਾਇਤ ’ਚ ਡੱਟ ਗਈਆਂ ਹਨ। ਉੱਧਰ ਸੋਸ਼ਲ ਮੀਡੀਆ ’ਤੇ ਵੀ ਇਸ ਵਿਵਾਦ ਨੂੰ ਲੈਕੇ ਕਾਫ਼ੀ ਚਰਚਾ ਹੋ ਰਹੀ ਹੈ। ਜ਼ਿਲ੍ਹਾ ਫਰੀਦਕੋਟ ਦੇ ਕੁਝ ਲੋਕ ਸਿਹਤ ਮੰਤਰੀ ਦੇ ਕੰਮ ਦੀ ਪ੍ਰੰਸਸਾ ਕਰ ਰਹੇ ਹਨ, ਉੱਥੇ ਹੀ ਕੁਝ ਦੂਜੀਆਂ ਧਿਰਾਂ ਵਲੋਂ ਵਾਈਸ ਚਾਂਸਲਰ ਨੂੰ ਸਹੀ ਠਹਿਰਾ ਰਹੀਆਂ ਹਨ। 


 



ਮੁੱਖ ਮੰਤਰੀ ਜਲਦ ਹੀ ਨਿਪਟਾਉਣਾ ਚਾਹੁੰਦੇ ਹਨ ਇਹ ਮਾਮਲਾ
ਮੁੱਖ ਮੰਤਰੀ ਮਾਨ ਵਾਈਸ ਚਾਂਸਲਰ ਦੇ ਅਸਤੀਫ਼ੇ ਵਾਲੇ ਮੁੱਦੇ ਨੂੰ ਜਲਦ ਨਿਬੇੜਨ ਦੇ ਰੌਂਅ ’ਚ ਜਾਪਦੇ ਹਨ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਜਲਦ ਹੀ ਮੁੱਖ ਮਤੰਰੀ ਦਫ਼ਤਰ ਵਲੋਂ ਡਾ. ਰਾਜ ਬਹਾਦੁਰ ਨੂੰ ਮੀਟਿੰਗ ਲਈ ਬੁਲਾਵਾ ਆ ਸਕਦਾ ਹੈ।