ਸਿਆਸੀ ਆਗੂਆਂ ਨੂੰ ਸਤਾ ਰਿਹਾ ਵਿਜੀਲੈਂਸ ਦਾ ਡੰਡਾ, ਜ਼ਿਆਦਾਤਰ ਮਾਰ ਗਏ ਵਿਦੇਸ਼ ਉਡਾਰੀ
ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਆਪਣੇ ਪੁੱਤਰ ਨਿਰਭੈ ਸਿੰਘ ਮਿਲਟੀ ਨਾਲ ਵਿਦੇਸ਼ ਜਾ ਚੁੱਕੇ ਹਨ। ਕੰਬੋਜ ਤੋਂ ਇਲਾਵਾ ਹਲਕਾ ਘਨੌਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਆਪਣੇ ਪੁੱਤਰ ਨਾਲ ਵਿਦੇਸ਼ ’ਚ ਹਨ।
ਚੰਡੀਗੜ੍ਹ: ਵਿਜੀਲੈਂਸ ਬਿਓਰੋ, ਪੰਜਾਬ ਦੇ ਨਿਸ਼ਾਨੇ ’ਤੇ ਆਉਣ ਵਾਲੇ ਜ਼ਿਆਦਾਤਰ ਸਿਆਸੀ ਆਗੂ ਅਤੇ ਅਫ਼ਸਰ ਵਿਦੇਸ਼ ਭੱਜਣ ਦੀ ਫਿਰਾਕ ’ਚ ਹਨ ਜਾਂ ਉਡਾਰੀ ਮਾਰ ਚੁੱਕੇ ਹਨ। ਵੇਖਿਆ ਜਾਵੇ ਤਾਂ ਸਿਰਫ਼ ਸਾਬਕਾ CM ਚਰਨਜੀਤ ਸਿੰਘ ਚੰਨੀ ਅਜਿਹੇ ਆਗੂ ਹਨ, ਜਿਨ੍ਹਾਂ ਖ਼ਿਲਾਫ਼ ਹਾਲ ਦੀ ਘੜੀ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਹੈ।
ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਆਪਣੇ ਪੁੱਤਰ ਨਿਰਭੈ ਸਿੰਘ ਮਿਲਟੀ ਨਾਲ ਵਿਦੇਸ਼ ਜਾ ਚੁੱਕੇ ਹਨ। ਦਿਲਚਸਪ ਗੱਲ ਹੈ ਕਿ ਸਾਬਕਾ ਵਿਧਾਇਕ ਕੰਬੋਜ ਨੂੰ ਵਿਜੀਲੈਂਸ ਵਲੋਂ ਸਰੋਤਾਂ ਤੋਂ ਵੱਧ ਆਮਦਨ ਮਾਮਲੇ ’ਚ ਤਲਬ ਕੀਤਾ ਗਿਆ ਸੀ।
ਕੰਬੋਜ ਤੋਂ ਇਲਾਵਾ ਹਲਕਾ ਘਨੌਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਆਪਣੇ ਪੁੱਤਰ ਨਾਲ ਵਿਦੇਸ਼ ’ਚ ਹਨ। ਇਹ ਵੀ ਖ਼ਬਰ ਆ ਰਹੀ ਹੈ ਕਿ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਵਿਦੇਸ਼ ’ਚ ਹਨ ਜਦਕਿ ਉਨ੍ਹਾਂ ਖ਼ਿਲਾਫ਼ ਕੋਈ ਜਾਂਚ ਵੀ ਨਹੀਂ ਚੱਲ ਰਹੀ ਹੈ।
ਕਾਂਗਰਸ ਵਿਧਾਇਕਾਂ ਤੋਂ ਇਲਾਵਾ ਸਾਬਕਾ ਅਕਾਲੀ ਵਿਧਾਇਕ ਜਨਮੇਜਾ ਸਿੰਘ ਸੇਖੋਂ ਨੂੰ ਵੀ ਸਿੰਜਾਈ ਘੁਟਾਲੇ ’ਚ ਤਲਬ ਕੀਤਾ ਹੋਇਆ ਹੈ, ਹਾਲਾਂਕਿ ਉਹ ਵਿਦੇਸ਼ ਬੈਠ ਹਨ। ਇਸ ਘੁਟਾਲਾ ਮਾਮਲੇ ’ਚ ਸਾਬਕਾ ਅਧਿਕਾਰੀ ਸਰਵੇਸ਼ ਕੌਸ਼ਲ ਅਤੇ ਕੇ. ਬੀ. ਐੱਸ. ਸਿੱਧੂ ਨੂੰ ਵੀ ਤਲਬ ਕੀਤਾ ਗਿਆ ਹੈ।
ਇਸੇ ਤਰ੍ਹਾਂ ਜਦੋਂ ਸਾਬਕਾ ਖ਼ੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਟੈਂਡਰ ਘੁਟਾਲੇ ’ਚ ਗ੍ਰਿਫ਼ਤਾਰ ਕੀਤਾ ਸੀ। ਉਸ ਮੌਕੇ ਖ਼ੁਰਾਕ ਸਪਲਾਈ ਵਿਭਾਗ ਦੇ ਡਿਪਟੀ ਡਾਇਰਕੈਟਰ ਰਾਕੇਸ਼ ਸਿੰਗਲਾ ’ਤੇ ਵੀ ਕੇਸ ਦਰਜ ਕੀਤਾ ਗਿਆ ਸੀ, ਉਹ ਵੀ ਵਿਦੇਸ਼ ਜਾ ਚੁੱਕੇ ਹਨ। ਪਟਿਆਲਾ ’ਚ ਤਾਇਨਾਤ ਖ਼ਰੀਦ ਏਜੰਸੀ ਦਾ ਅਧਿਕਾਰੀ ਵੀ ਕੇਸ ਦਰਜ ਹੋਣ ਮਗਰੋਂ ਵਿਦੇਸ਼ ਭੱਜ ਚੁੱਕਾ ਹੈ।
ਇਸ ਸਾਰੇ ਘਟਨਾ ਕ੍ਰਮ ਨੂੰ ਵੇਖਦਿਆਂ ਵਿਜੀਲੈਂਸ ਨੇ ਸਰਕਾਰੀ ਵਿਭਾਗਾਂ ਅਤੇ ਨਿਗਮਾਂ ਤੋਂ ਉਨ੍ਹਾਂ ਅਧਿਕਾਰੀਆਂ ਜਾਂ ਕਰਮਚਾਰੀਆਂ ਦੇ ਵੇਰਵੇ ਮੰਗੇ ਸਨ, ਜਿਨ੍ਹਾਂ ਕੋਲ ਦੂਜੇ ਦੇਸ਼ਾਂ ਦੀ ਪੱਕੀ ਨਾਗਰਿਕਤਾ (Permanent Resident) ਪ੍ਰਾਪਤ ਹੈ।
ਇਹ ਵੀ ਪੜ੍ਹੋ: ਪੁਲਿਸ ਵਾਲਾ ਕਰਦਾ ਸੀ ਥਾਣੇ ’ਚ ਜਮ੍ਹਾ ਕਰਵਾਏ ਹਥਿਆਰਾਂ ਦਾ ਸੌਦਾ, ਕਾਬੂ ਆਏ ਨਸ਼ਾ ਤਸਕਰਾਂ ਨੇ ਕੀਤਾ ਖ਼ੁਲਾਸਾ!