Punjab News: ਡਾਕਟਰ ਨਿੱਜਰ ਨੇ ਗੁਰੂ ਨਾਨਕ ਮੈਡੀਕਲ ਕਾਲਜ ਪਹੁੰਚ ਕੇ ਡਾਕਟਰਾਂ ਨਾਲ ਕੀਤੀ ਮੁਲਾਕਾਤ
Punjab News: ਡਾਕਟਰ ਨਿੱਜਰ ਨੇ ਗੁਰੂ ਨਾਨਕ ਮੈਡੀਕਲ ਕਾਲਜ ਪਹੁੰਚ ਕੇ ਡਾਕਟਰਾਂ ਨਾਲ ਕੀਤੀ ਮੁਲਾਕਾਤ, ਹਸਪਤਾਲ ਅਤੇ ਕਾਲਜ ਦੀ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
Punjab News: ਹਲਕਾ ਦੱਖਣੀ ਦੇ ਵਿਧਾਇਕ ਸਰਦਾਰ ਇੰਦਰਬੀਰ ਸਿੰਘ ਨਿਜਰ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਉੱਤੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਕੋਲਕਾਤਾ ਵਿਖੇ ਹੋਈ ਘਟਨਾ ਦੇ ਰੋਸ ਵਜੋਂ ਡਾਕਟਰਾਂ ਵਿੱਚ ਪੈਦਾ ਹੋਏ ਤਨਾਅ ਦੇ ਵਾਤਾਵਰਨ ਨੂੰ ਦੂਰ ਕਰਨ ਲਈ ਪਹੁੰਚੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਨੇ ਪ੍ਰਿੰਸੀਪਲ ਸ੍ਰੀ ਰਾਜੀਵ ਦੇਵਗਨ, ਰਜਿਸਟਰਾਰ , ਹਸਪਤਾਲ ਦੇ ਡਾਕਟਰਾਂ ਅਤੇ ਇੱਥੇ ਪੜ ਰਹੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ।
ਨਿੱਜਰ ਨੇ ਇਸ ਮੌਕੇ ਡਾਕਟਰਾਂ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਤੁਹਾਡੀ ਸੁਰੱਖਿਆ ਦੀ ਗਰੰਟੀ ਦਿੰਦੀ ਹੈ ਅਤੇ ਕੱਲ ਹੀ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਉੱਤੇ ਸਿਹਤ ਮੰਤਰੀ ਨੇ ਸਾਰੇ ਕਾਲਜਾਂ ਦੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਸੱਦ ਲਈ ਹੈ । ਉਹਨਾਂ ਕਿਹਾ ਕਿ ਲੋਕਲ ਲੈਵਲ ਉੱਤੇ ਤੁਹਾਡੇ ਜੋ ਵੀ ਸਮੱਸਿਆਵਾਂ ਹਨ ਉਹ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਨਾਲ ਬੈਠ ਕੇ ਹੱਲ ਕੀਤੀਆਂ ਜਾਣਗੀਆਂ ਅਤੇ ਜੋ ਰਾਜ ਪਧਰੀ ਮੁੱਦੇ ਹਨ ਉਹ ਸਿਹਤ ਮੰਤਰੀ ਦੁਆਰਾ ਹੱਲ ਕਰ ਦਿੱਤੇ ਜਾਣਗੇ।
ਉਹਨਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਇਸ ਖੇਤਰ ਵਿੱਚ ਪ੍ਰਗਤੀ ਤਾਂ ਹੀ ਹੋ ਸਕਦੀ ਹੈ ਜੇਕਰ ਸਾਡੇ ਡਾਕਟਰ ਅਤੇ ਸਾਡੇ ਅਧਿਆਪਕ ਇੱਕ ਮਜਬੂਤ ਟੀਮ ਵਜੋਂ ਕੰਮ ਕਰਨ। ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਡਾਕਟਰ ਨੂੰ ਰੱਬ ਰੂਪ ਸਮਝਿਆ ਜਾਂਦਾ ਹੈ ਅਤੇ ਕੋਈ ਵੀ ਮਰੀਜ਼ ਡਾਕਟਰ ਨਾਲ ਬਦਤਮੀਜ਼ੀ ਕਰਨ ਦੀ ਸੋਚਦਾ ਤੱਕ ਨਹੀਂ ।