ਨਸ਼ੇ ਦੀ ਦਲਦਲ ਵਿਚ ਧੱਸਦਾ ਪੰਜਾਬ- ਚਿੱਟਾ ਵੇਚਣ ਆਇਆ ਨੌਜਵਾਨ ਲੋਕਾਂ ਨੇ ਫੜਿਆ
ਪੰਜਾਬ ਦੇ ਵਿਚ ਆਏ ਦਿਨ ਨਸ਼ੇ ਨਾਲ ਸਬੰਧਿਤ ਕਈ ਮਾਮਲੇ ਸਾਹਮਣੇ ਆਉਂਦੇ ਹਨ।ਆਏ ਦਿਨ ਕਿਸੇ ਨਾ ਕਿਸੇ ਗੱਭਰੂ ਜਾਂ ਮੁਟਿਆਰ ਦੀ ਨਸ਼ੇ ਟੁੰਨ ਹੋਏ ਦੀ ਵੀਡੀਓ ਵਿਖਾਈ ਦਿੰਦੀ ਹੈ। ਜਦਕਿ ਸਰਕਾਰਾਂ ਵੱਲੋਂ ਸਮੇਂ ਸਮੇਂ ਤੋਂ ਨਸ਼ੇ ਦੇ ਖ਼ਾਤਮੇ ਲਈ ਵੱਡੇ-ਵੱਡੇ ਵਾਅਦੇ ਕੀਤੇ ਗਏ।
ਬਿਮਲ ਸ਼ਰਮਾ/ ਆਨੰਦਪੁਰ ਸਾਹਿਬ: ਪੰਜਾਬ ਨਸ਼ੇ ਦੀ ਦਲਦਲ ਵਿਚ ਧੱਸਦਾ ਜਾ ਰਿਹਾ ਹੈ। ਆਏ ਦਿਨ ਨਸ਼ੇ ਨਾਲ ਸੰਬੰਧਿਤ ਕੋਈ ਨਾ ਕੋਈ ਵੀਡੀਓ ਦੇਖਣ ਨੂੰ ਮਿਲ ਜਾਂਦੀ ਹੈ। ਸਰਕਾਰਾਂ ਨਸ਼ੇ ਨੂੰ ਲਗਾਮ ਲਗਾਉਣ ਦੇ ਵੱਡੇ ਵੱਡੇ ਦਾਵੇ ਕਰਦੀਆਂ ਨਜ਼ਰ ਆਉਂਦੀਆਂ ਹਨ। ਮਗਰ ਵੱਡੇ ਮਗਰਮੱਛ ਕਦੋਂ ਕਾਬੂ ਆਉਣਗੇ ਇਸਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ।
ਅੱਜ ਪਿੰਡ ਖਮੇੜਾ ਦੇ ਵਿਚ ਪਿੰਡ ਵਾਸੀਆਂ ਵੱਲੋਂ ਪਿੰਡ ਵਿਚ ਚਿੱਟਾ ਵੇਚਣ ਆਇਆ ਇਕ ਨੌਜਵਾਨ ਕਾਬੂ ਕੀਤਾ ਗਿਆ। ਜਿਸ ਕੋਲੋਂ ਚਿੱਟਾ ਵੀ ਬਰਾਮਦ ਹੋਇਆ ਹੈ ਜਿਸ ਨੂੰ ਪਿੰਡ ਵਾਸੀਆਂ ਵੱਲੋਂ ਪਕੜ ਕੇ ਪੁਲਿਸ ਹਵਾਲੇ ਵੀ ਕਰ ਦਿੱਤਾ ਗਿਆ। ਪੰਜਾਬ ਵਿਚ ਲਗਾਤਾਰ ਚਿੱਟੇ ਨਾਲ ਹੋਣ ਵਾਲੀਆਂ ਮੌਤਾਂ ਤੇ ਚਿੱਟੇ ਦੇ ਨਸ਼ੇ ਵਿੱਚ ਧੁੱਤ ਨੌਜਵਾਨ ਲੜਕੇ-ਲੜਕੀਆਂ ਦੀਆਂ ਆਏ ਦਿਨ ਵੀਡੀਓ ਸਾਹਮਣੇ ਆਉਂਦੀਆਂ ਹਨ।
ਫੜੇ ਗਏ ਨੌਜਵਾਨ ਨੇ ਪਿੰਡ ਵਾਸੀਆਂ ਦੇ ਕੋਲ ਉਸ ਵਿਅਕਤੀ ਦਾ ਨਾਮ ਵੀ ਦੱਸਿਆ ਜਿਸ ਕੋਲੋਂ ਉਹ ਚਿੱਟਾ ਲੈ ਕੇ ਆਉਂਦਾ ਹੈ। ਉਹ ਸ੍ਰੀ ਅਨੰਦਪੁਰ ਸਾਹਿਬ ਵਿਚ ਕਿਸੇ ਕਿਰਾਏ ਦੇ ਘਰ ਵਿਚ ਰਹਿੰਦਾ ਹੈ। ਉਧਰ ਪੁਲਸ ਨੇ ਕਾਰਵਾਈ ਕਰਦੇ ਹੋਏ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ ਪਿੰਡ ਵਾਸੀਆਂ ਵੱਲੋਂ ਫੜਿਆ ਗਿਆ ਬਾਕੀ ਦੋ ਉਸਦੀ ਨਿਸ਼ਾਨਦੇਹੀ 'ਤੇ ਫੜੇ ਗਏ ।
ਉੱਥੇ ਹੀ ਇਸ ਮੌਕੇ 'ਤੇ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਪਿੰਡ ਅੱਜ ਛਿੰਝ ਕਰਵਾਈ ਜਾ ਰਹੀ ਹੈ ਜਿਸ ਸਬੰਧੀ ਅੱਜ ਮੀਟਿੰਗ ਕੀਤੀ ਜਾ ਰਹੀ ਸੀ ਅਤੇ ਜਦੋਂ ਮੀਟਿੰਗ ਦੌਰਾਨ ਉਨ੍ਹਾਂ ਨੇ ਜੰਗਲ ਵੱਲ ਨੂੰ ਇਕ ਸਕੂਟਰੀ 'ਤੇ ਦੋ ਨੌਜਵਾਨਾਂ ਨੂੰ ਜਾਂਦਿਆਂ ਹੋਇਆਂ ਦੇਖਿਆ ਤਾਂ ਉਸ ਦੇ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਅਤੇ ਜਦੋਂ ਪੁੱਛਿਆ ਤਾਂ ਉਹ ਪਹਿਲਾਂ ਤਾਂ ਉਸ ਨੂੰ ਵਾਸ਼ਰੂਮ ਕਰਨ ਦਾ ਬਹਾਨਾ ਲਾਉਂਦੇ ਰਹੇ ਪਰ ਉਨ੍ਹਾਂ ਦੇ ਕੋਲੋ ਇਕ ਭਰੀ ਹੋਈ ਸਰਿੰਜ ਅਤੇ ਬਾਅਦ ਵਿਚ ਸਕੂਟਰੀ ਕੋਲ ਤੋਂ ਹੋਰਨਾਂ ਭਰੀਆਂ ਹੋਈਆਂ ਸਰਿੰਜਾਂ ਮਿਲੀਆਂ ਹਨ।
ਉੱਥੇ ਹੀ ਇਨ੍ਹਾਂ ਨੌਜਵਾਨਾਂ ਨੂੰ ਫੜ ਕੇ ਪਿੰਡ ਵਾਸੀਆਂ ਦੇ ਵੱਲੋਂ ਪੁਲਸ ਹਵਾਲੇ ਕੀਤਾ ਅਤੇ ਕੜੀ ਦਰ ਕੜੀ ਅੱਗੇ ਜੋੜਦਿਆਂ ਹੋਇਆਂ ਅੱਗੇ ਤੋਂ ਅੱਗੇ ਨੌਜਵਾਨਾਂ ਨੂੰ ਚੁੱਕਦੇ ਰਹੇ ਇਸ ਮੌਕੇ ਤੇ ਪਹੁੰਚੇ ਏ. ਐੱਸ. ਆਈ. ਇਸ ਸਾਰੀ ਕਾਰਗੁਜ਼ਾਰੀ ਪਿੱਛੇ ਆਪਣੀ ਪੁਲਸ ਕਰਮਚਾਰੀਆਂ ਦੀ ਪਿੱਠ ਥਪਥਪਾਉਂਦੇ ਦਿਖਾਈ ਦਿੱਤੇ ਹਾਲਾਕਿ ਜੋ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਹੈ ਉਹ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਫੜਿਆ ਗਿਆ ਹੈ ਅਤੇ ਅੱਗੇ ਜਾਂਚ ਜਾਰੀ ਹੈ।
WATCH LIVE TV