ਨਵੀਂ ਚੁਣੀ ਗਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਮੀਤ ਸਿੰਘ ਕਾਲਕਾ ਨੇ ਦਿੱਤਾ ਸਮਰਥਨ
ਦੱਸ ਦੇਈਏ ਕਿ ਬੀਤੇ ਕੱਲ੍ਹ ਬਲਜੀਤ ਸਿੰਘ ਦਾਦੂਵਾਲ ਵਲੋਂ ਚੋਣ ਦਾ ਬਾਈਕਾਟ ਕਰਨ ਤੋਂ ਬਾਅਦ 36 ਮੈਬਰਾਂ ਦੁਆਰਾ ਸਰਬਸੰਮਤੀ ਨਾਲ ਮਹੰਤ ਕਰਮਜੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ, ਜਦਕਿ 38 ਮੈਂਬਰੀ ਐਡਹਾਕ ਕਮੇਟੀ ’ਚੋਂ 2 ਮੈਂਬਰ ਬਾਹਰ ਰਹੇ।
HSGPC New Committee News: ਹਰਿਆਣਾ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC)ਦਾ ਮਹੰਤ ਕਰਮਜੀਤ ਸਿੰਘ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਜਿੱਥੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਇਸ ਚੋਣ ਮੀਟਿੰਗ ਦਾ ਬਾਈਕਾਟ ਕੀਤਾ ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸਦਾ ਸਵਾਗਤ ਕੀਤਾ।
ਸਾਬਕਾ ਪ੍ਰਧਾਨ ਦਾਦੂਵਾਲ ਨੇ ਚੋਣ ਦਾ ਕੀਤਾ ਬਾਈਕਾਟ
ਦੱਸ ਦੇਈਏ ਕਿ ਬੀਤੇ ਕੱਲ੍ਹ ਬਲਜੀਤ ਸਿੰਘ ਦਾਦੂਵਾਲ ਵਲੋਂ ਚੋਣ ਦਾ ਬਾਈਕਾਟ ਕਰਨ ਤੋਂ ਬਾਅਦ 36 ਮੈਬਰਾਂ ਦੁਆਰਾ ਸਰਬਸੰਮਤੀ ਨਾਲ ਮਹੰਤ ਕਰਮਜੀਤ ਸਿੰਘ (Mahant Karamjit Singh) ਨੂੰ ਪ੍ਰਧਾਨ ਚੁਣ ਲਿਆ ਗਿਆ। ਜਦਕਿ 38 ਮੈਂਬਰੀ ਐਡਹਾਕ ਕਮੇਟੀ ’ਚ 2 ਮੈਂਬਰ ਬਾਹਰ ਰਹੇ।
ਡੀਸੀ ਸ਼ਾਂਤਨੂੰ ਸ਼ਰਮਾ ਦੀ ਅਗਵਾਈ ’ਚ ਨੇਪਰੇ ਚੜ੍ਹੀ ਚੋਣ ਪ੍ਰਕਿਰਿਆ
ਜ਼ਿਕਰਯੋਗ ਹੈ ਕਿ ਇਹ ਚੋਣ ਪ੍ਰਕਿਰਿਆ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾਂ ਦੀ ਦੇਖ-ਰੇਖ ਹੇਠ ਛੋਟੇ ਸਕੱਤਰੇਤ ਦੇ ਆਡੀਟੋਰੀਅਮ ’ਚ ਮੁਕੰਮਲ ਕੀਤੀ ਗਈ। ਡੀਸੀ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਮਹੰਤ ਕਰਮਜੀਤ ਸਿੰਘ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਤੋਂ ਇਲਾਵਾ ਭੁਪਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਬਾਬਾ ਗੁਰਮੀਤ ਸਿੰਘ ਜੂਨੀਅਰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਧਮੀਜਾ ਜਨਰਲ ਸਕੱਤਰ, ਮੋਹਨਜੀਤ ਸਿੰਘ ਪਾਣੀਪਤ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ ਹੈ।
ਇਨ੍ਹਾਂ ਤੋਂ ਇਲਾਵਾ 6 ਕਾਰਜਾਕਾਰੀ ਮੈਂਬਰ ਬਣਾਏ ਗਏ ਹਨ, ਜਿਨ੍ਹਾਂ ’ਚ ਬੀਬੀ ਰਵਿੰਦਰ ਕੌਰ ਅਜਰਾਣਾ, ਜਸਵੰਤ ਸਿੰਘ ਦੁਨੀਆਮਾਜਰਾ, ਗੁਰਬਖਸ਼ ਸਿੰਘ ਯਮੁਨਾਨਗਰ, ਰਮਨੀਕ ਸਿੰਘ ਮਾਨ, ਜਗਸੀਰ ਸਿੰਘ ਅਤੇ ਵਿਨਰ ਸਿੰਘ ਸ਼ਾਮਲ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵੀਂ ਕਮੇਟੀ ਨੂੰ ਦਿੱਤੀ ਮਾਨਤਾ
ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਮਹੰਤ ਕਰਮਜੀਤ ਸਿੰਘ ਨੂੰ ਭਰੋਸਾ ਦਵਾਇਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੀ ਨਵੀਂ ਚੁਣੀ ਗਈ ਟੀਮ ਦਾ ਪੂਰਾ ਸਹਿਯੋਗ ਕਰੇਗੀ। ਡੀ. ਐੱਸ. ਜੀ. ਐੱਮ. ਸੀ. (DSGMC) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਹੁਣ ਦਿੱਲੀ ਵਾਂਗ ਹਰਿਆਣਾ ’ਚ ਵੀ ਗੁਰੂ ਗ੍ਰ੍ਰੰਥ ਸਾਹਿਬ ਦੀ ਬਾਣੀ ਘਰ-ਘਰ ਪਹੁੰਚਾਉਣ ਲਈ ਹਰਿਆਣਾ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਐੱਸਜੀਪੀਸੀ ਨੇ ਨਵੀਂ ਕਮੇਟੀ ਨੂੰ ਕੀਤਾ ਰੱਦ
ਉੱਧਰ ਐੱਸ. ਜੀ. ਪੀ. ਸੀ. (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਅਜਿਹੀ ਕਿਸੇ ਵੀ ਸਰਕਾਰੀ ਕਮੇਟੀ ਨੂੰ ਪ੍ਰਵਾਨ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸਿੱਖ ਪੰਥ ਨੂੰ ਤੋੜਨ ਦੀ ਇੱਕ ਚਾਲ ਹੈ, ਜੋ ਆਰ. ਐੱਸ. ਐੱਸ. (RSS) ਦੇ ਇਸ਼ਾਰੇ ’ਤੇ ਚੱਲੀ ਜਾ ਰਹੀ ਹੈ। ਧਾਮੀ ਨੇ ਕਿਹਾ ਕਿ ਚੋਣ ਗੁਰੂ ਘਰ ਦੀ ਥਾਂ ਕੁਰੂਸ਼ੇਤਰ ਦੇ ਡਿਪਟੀ ਕਮਿਸ਼ਨਰ ਦਫ਼ਤਰ ’ਚ ਕਰਵਾਈ ਗਈ, ਜੋ ਸਿੱਧ ਕਰਦੀ ਹੈ ਹਰਿਆਣਾ ਦੀ ਨਵੀਂ ਬਣਾਈ ਗਈ ਕਮੇਟੀ ਦਾ ਪੰਥਕ ਸਰੋਕਾਰਾਂ ਨਾਲ ਕੋਈ ਸਬੰਧ ਨਹੀਂ।
ਇਹ ਵੀ ਪੜ੍ਹੋ: ਸੜਕਾਂ ’ਤੇ ਲਿਖਿਆ ਹੁੰਦਾ Don’t drink and don’t drive, ਇੱਥੇ ਡਰਿੰਕ ਕਰਕੇ ਸੂਬਾ ਚਲਾਇਆ ਜਾ ਰਿਹਾ: ਹਰਸਿਮਰਤ ਕੌਰ ਬਾਦਲ