Gurdaspur News(Avtar Singh): ਦੀ ਗੁਰਦਾਸਪੁਰ ਸਹਿਕਾਰੀ ਖੰਡ ਮਿਲਜ਼ ਲਿਮ. ਗੁਰਦਾਸਪੁਰ ਦੇ ਪਿਛਲੀ ਕਾਂਗਰਸ ਸਰਕਾਰ ਵੇਲੇ ਚੁਣੇ ਗਏ ਪ੍ਰਬੰਧਕੀ ਬੋਰਡ ਦੇ ਛੇ ਮੈਂਬਰਾਂ ਦੀ ਨਿਯਮਾਂ ਦੇ ਵਿਰੁੱਧ ਚੋਣ ਕੀਤੇ ਜਾਣ ਅਤੇ ਮਿੱਲ ਦੇ ਡਿਫਾਲਟਰ ਹੋਣ ਦੇ ਦੋਸ਼ਾਂ ਹੇਠ ਸਹਿਕਾਰੀ ਵਿਭਾਗ ਵੱਲੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਮੁਅੱਤਲ ਕੀਤੇ ਗਏ ਛੇ ਡਾਇਰੈਕਟਰਾਂ ਵਿੱਚ ਜੋਨ ਨੰਬਰ ਇਕ ਤੋਂ ਕਸ਼ਮੀਰ ਸਿੰਘ ਪਾਹੜਾ, ਜੋਨ ਨੰਬਰ ਦੋ ਤੋਂ ਕੰਵਰ ਪ੍ਰਤਾਪ ਸਿੰਘ ਵਿਰਕ ਤਲਵੰਡੀ, ਜੋਨ ਨੰਬਰ ਤਿੰਨ ਤੋਂ ਪਰਮਜੀਤ ਸਿੰਘ ਮਹਾਂਦੇਵ ਕਲਾਂ, ਜੋਨ ਨੰਬਰ ਚਾਰ ਤੋਂ ਨਰਿੰਦਰ ਸਿੰਘ ਗੁਣੀਆ, ਜੋਨ ਨੰਬਰ ਅੱਠ ਤੋਂ ਮਲਕੀਤ ਕੌਰ ਮਗਰਾਲਾ ਅਤੇ ਜੋਨ ਨੰਬਰ ਦੱਸ ਤੋਂ ਸਹਿਕਾਰੀ ਸਭਾਵਾਂ ਵੱਲੋਂ ਨਾਮਜ਼ਦ ਮੈਂਬਰ ਹਰਮਿੰਦਰ ਸਿੰਘ ਦੇਹੜ ਦੇ ਨਾਂ ਸ਼ਾਮਲ ਹਨ।


ਜਿਨਾਂ ਨੂੰ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ ਮੰਡਲ ਵੱਲੋਂ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਦੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਚੋਣ ਸਮੇਂ ਨਿਯਮਾਂ ਦੀ ਅਯੋਗਤਾ ਕਾਰਨ ਪੰਜਾਬ ਸਹਿਕਾਰੀ ਸਭਾਵਾਂ ਐਕਟ 1961 ਦੇ ਸੈਕਸ਼ਨ 27(1) ਤਹਿਤ ਮਿੱਲ ਦੇ ਪ੍ਰਬੰਧਕੀ ਬੋਰਡ ਦੀ ਮੈਂਬਰੀ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਮੁਅੱਤਲ ਕੀਤੇ ਗਏ ਛੇ ਮੈਂਬਰਾਂ ਦੀ ਮੈਂਬਰੀ ਸੀਜ਼ ਕਰਨ ਦੀ ਕਾਰਵਾਈ ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਜਵਾਬ ਦੇਣ ਲਈ ਪੰਦਰ੍ਹਾਂ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।


ਇਹਨਾਂ ਮੁਅੱਤਲ ਕੀਤੇ ਗਏ ਛੇ ਡਾਇਰੈਕਟਰਾਂ ਦੀ ਸਾਬਕਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਅਖੀਰਲੇ ਦਿਨਾਂ ਦੌਰਾਨ ਦਸੰਬਰ 2021 ਵਿੱਚ ਹੋਈ ਸੀ। ਉਸ ਵੇਲੇ ਪ੍ਰਬੰਧਕੀ ਬੋਰਡ ਦੇ ਦੱਸ ਮੈਂਬਰ ਚੁਣੇ ਗਏ ਸਨ। ਸ਼ੂਗਰ ਮਿੱਲ ਬਾਈਲਾਜ਼ ਅਨੁਸਾਰ ਕਿਸੇ ਵੀ ਵਿਅਕਤੀ ਦੇ ਪ੍ਰਬੰਧਕੀ ਬੋਰਡ ਦੀ ਚੋਣ ਲਈ ਮੁਢਲੀ ਯੋਗਤਾ ਵਜੋਂ ਚੋਣ ਮਿਤੀ ਤੋਂ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਮਿੱਲ ਨੂੰ ਬਾਂਡ ਕੀਤੇ ਗਏ ਗੰਨੇ ਦਾ 85 ਫੀਸਦੀ ਗੰਨਾ ਸਪਲਾਈ ਕਰਨਾ ਯਕੀਨੀ ਹੋਣਾ ਚਾਹੀਦਾ ਹੈ। ਪਰ ਇਹਨਾਂ ਛੇ ਡਾਇਰੈਕਟਰਾਂ ਉਪੱਰ ਦੋਸ਼ ਲੱਗੇ ਸਨ ਕਿ ਇਹ ਇਸ 85 ਫੀਸਦੀ ਵਾਲੀ ਮੁਢਲੀ ਸ਼ਰਤ ਨੂੰ ਹੀ ਪੂਰਾ ਨਹੀਂ ਸਨ ਕਰਦੇ ਅਤੇ ਇਹਨਾਂ ਦੀ ਚੋਣ ਨਿਯਮਾਂ ਦੇ ਵਿਰੁੱਧ ਹੋਈ ਹੈ।


ਜਿਸ ਮਗਰੋਂ ਵਿਭਾਗੀ ਜਾਂਚ ਵਿੱਚ ਦੋਸ਼ ਸਹੀ ਪਾਏ ਗਏ ਅਤੇ ਹੁਣ ਦੀ ਗੁਰਦਾਸਪੁਰ ਸਹਿਕਾਰੀ ਖੰਡ ਮਿਲਜ਼ ਲਿਮ. ਗੁਰਦਾਸਪੁਰ ਦੇ ਜਨਰਲ ਮੈਨੇਜਰ ਅਤੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਦਾਸਪੁਰ ਵੱਲੋਂ ਭੇਜੀਆਂ ਗਈਆਂ ਰਿਪੋਰਟਾਂ ਤੇ ਕਾਰਵਾਈ ਕਰਦਿਆਂ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ ਮੰਡਲ ਵੱਲੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਦਿਆਂ ਉਕਤ ਛੇ ਡਾਇਰੈਕਟਰਾਂ ਦੀ ਮੈਂਬਰੀ ਖਤਮ ਕਰਨ ਦੀ ਕਾਰਵਾਈ ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।


ਦੂਜੇ ਪਾਸੇ ਦੀ ਗੁਰਦਾਸਪੁਰ ਸਹਿਕਾਰੀ ਖੰਡ ਮਿਲਜ਼ ਲਿਮ. ਦੇ ਜਨਰਲ ਮੈਨੇਜਰ ਸਰਬਜੀਤ ਸਿੰਘ ਹੁੰਦਲ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਪ੍ਰਬੰਧਕੀ ਬੋਰਡ ਦੇ ਛੇ ਮੈਂਬਰਾਂ ਨੂੰ ਅਯੋਗ ਹੋਣ ਦੇ ਦੋਸ਼ਾਂ ਹੇਠ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਕਾਰਨ ਦੱਸੋਂ ਨੋਟਿਸ ਜਾਰੀ ਕੀਤੇ ਗਏ ਹਨ।