Teachers Protest (ਬਿਮਲ ਸ਼ਰਮਾ):  ਪਿਛਲੇ ਚਾਰ ਦਿਨਾਂ ਤੋਂ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ''ਚ ਸਥਿਤ ਕੋਠੀ ਅੱਗੇ ਧਰਨਾ ਦੇ ਰਹੇ ਈਟੀਟੀ ਟੈਟ ਪਾਸ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੀਆਂ ਪੰਜ ਮਹਿਲਾ ਉਮੀਦਵਾਰਾਂ ਨੇ ਸੋਮਵਾਰ ਤੋਂ ਭੁੱਖ ਹੜਤਾਲ ਆਰੰਭ ਦਿੱਤੀ ਹੈ।


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਭੁੱਖ ਹੜਤਾਲ ''ਤੇ ਬੈਠੀਆਂ ਪੰਜ ਮਹਿਲਾ ਉਮੀਦਵਾਰਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ ਦੇ ਅੰਦਰ ਅੰਦਰ ਸਟੇਸ਼ਨ ਚੋਣ ਸਬੰਧੀ ਪੋਰਟਲ ਨਾ ਖੋਲਿਆ ਗਿਆ ਤਾਂ ਬੁੱਧਵਾਰ ਤੋਂ ਭੁੱਖ ਹੜਤਾਲ ਨੂੰ ਮਰਨ ਵਰਤ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਕਿਉਂਕਿ ਸਾਡੀ ਭਰਤੀ ਪਹਿਲਾਂ ਹੀ ਸਰਕਾਰ ਦੁਆਰਾ ਡੇਢ ਸਾਲ ਲੇਟ ਹੋ ਚੁੱਕੀ ਹੈ ਪਰ ਹੁਣ ਅਸੀਂ ਇਸ ਭਰਤੀ ਨੂੰ ਹੋਰ ਨਹੀਂ ਲਟਕਣ ਦੇਵਾਂਗੇ। ਇਸ ਦੇ ਨਾਲ ਹੀ ਯੂਨੀਅਨ ਦੇ ਦੋ ਉਮੀਦਵਾਰ ਪਿਛਲੇ 18 ਦਿਨਾਂ ਤੋਂ ਪਿੰਡ ਢੇਰ ਵਿਖੇ ਪਾਣੀ ਵਾਲੀ ਟੈਂਕੀ ਉੱਪਰ ਬੈਠੇ ਹੋਏ ਹਨ। ਜਿਨਾਂ ਦੀ ਤਬੀਅਤ ਵੀ ਲਗਾਤਾਰ ਵਿਗੜਦੀ ਜਾ ਰਹੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਜ਼ਿਮਨੀ ਚੋਣਾਂ ਦੇ ਦੌਰਾਨ ਵੀ ਇਨ੍ਹਾਂ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ।


ਅਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਦਾ ਸਬਰ ਪਰਖ ਰਹੀ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਚਾਰ ਹਲਕਿਆਂ ਅੰਦਰ ਹੋ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਣ ਵਾਲੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮੇਤ ਕੈਬਨਿਟ ਮੰਤਰੀਆਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਰੋਸ ਵਜੋਂ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ।


ਇੱਥੇ ਹੀ ਬੱਸ ਨਹੀਂ ਹਰ ਇੱਕ ਉਮੀਦਵਾਰ ਦੇ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਘਰ ਘਰ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਸਾਡੀ ਪਿਛਲੇ ਡੇਢ ਸਾਲ ਰੁਲ ਰਹੀ ਈਟੀਟੀ ਕਾਡਰ ਦੀ 5994 ਭਰਤੀ ਬਾਰੇ ਜਾਣੂ ਕਰਵਾਇਆ ਜਾਵੇਗਾ। ਦੱਸਣਯੋਗ ਹੈ ਕਿ ਉਕਤ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਚ 29 ਸਤੰਬਰ 2024 ਤੋਂ ਆਰੰਭ ਕੀਤਾ ਰੋਸ ਧਰਨਾ ਅੱਜ 24ਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ।