ETT Union Protest: ਈਟੀਟੀ 5994 ਯੂਨੀਅਨ ਨੇ ਸੰਗਰੂਰ `ਚ ਕੱਢਿਆ ਰੋਸ ਮਾਰਚ; ਸੰਘਰਸ਼ ਹੋਰ ਤਿੱਖਾ ਕਰਨ ਦੀ ਦਿੱਤੀ ਚਿਤਾਵਨੀ
ETT Union Protest: ਈਟੀਟੀ 5994 ਯੂਨੀਅਨ ਨੇ ਸੰਗਰੂਰ ਦੇ ਪਿੰਡ ਸਤੌਜ ਨੇੜੇ ਚੀਮਾ ਵਿੱਚ ਰੋਸ ਮਾਰਚ ਕੱਢਿਆ। ਮੰਗਾਂ ਨਾ ਮੰਨੇ ਜਾਣ ਉਤੇ ਯੂਨੀਅਨ ਨੇ ਧਰਨਾ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ।
ETT Union Protest: ਈਟੀਟੀ 5994 ਯੂਨੀਅਨ ਨੇ ਸੰਗਰੂਰ ਦੇ ਪਿੰਡ ਸਤੌਜ ਨੇੜੇ ਚੀਮਾ ਵਿੱਚ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀ ਦਾ ਕਹਿਣਾ ਹੈ ਕਿ ਪ੍ਰੀਖਿਆ ਲਏ ਨੂੰ 9 ਮਹੀਨੇ ਤੋਂ ਵਧ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਨਿਯੁਕਤੀ ਨਹੀਂ ਕਰਵਾਈ ਗਈ ਹੈ।
ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦੀ ਭਰਤੀ ਪੂਰੀ ਕਰਵਾਉਣ ਲਈ ਪੈਰਵੀ ਕਰ ਰਹੀ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਤੋਂ ਤੰਗ ਆ ਕੇ ਸੀਐਮ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਨੇੜੇ ਚੀਮਾ ਵਿੱਚ ਰੋਸ ਮਾਰਚ ਲਈ ਬੇਵੱਸ ਹੋਏ ਹਨ।
ਇਸ ਰੋਸ ਮਾਰਚ ਸਬੰਧੀ ਸੂਬੇ ਭਰ ਦਾ ਈਟੀਟੀ ਕਾਡਰ ਪਹਿਲਾਂ ਪਿੰਡ ਚੀਮਾ ਵਿੱਚ ਇਕੱਤਰ ਹੋਇਆ। ਇਸ ਪਿਛੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਾ ਹੋਇਆ ਰੋਸ ਮਾਰਚ ਪਿੰਡ ਸਤੌਜ ਵੱਲ ਨੂੰ ਰਵਾਨਾ ਹੋਇਆ। ਇਸ ਰੋਸ ਮਾਰਚ ਦੀ ਅਗਵਾਈ ਕਰ ਰਹੇ ਸੂਬਾ ਕਮੇਟੀ ਮੈਂਬਰਾਂ ਨੇ ਕਿਹਾ ਕਿ ਲਗਭਗ 09 ਮਹੀਨੇ ਪਹਿਲਾਂ ਬਤੌਰ ਪ੍ਰਾਇਮਰੀ ਅਧਿਆਪਕ ਚੁਣੇ ਗਏ ਨੌਜਵਾਨਾਂ ਨੂੰ ਜੁਆਇਨਿੰਗ ਲੈਣ ਸੰਘਰਸ਼ ਕਰਨਾ ਪੈ ਰਿਹਾ ਹੈ।
ਉਨ੍ਹਾਂ ਆਖਿਆ ਕਿ ਉਕਤ ਈਟੀਟੀ 5994 ਭਰਤੀ ਹਾਈ ਕੋਰਟ ਅਧੀਨ ਹੈ। ਇਸ ਭਰਤੀ ਉਤੇ ‘ਮੌਖਿਕ ਰੋਕ’ ਲੱਗੀ ਹੈ। ਇਸ ਰੋਕ ਲਈ ਸਿੱਧੇ ਤੌਰ ਉਤੇ ਸਰਕਾਰ ਜ਼ਿੰਮੇਵਾਰ ਹੈ ਪਰ ਸਰਕਾਰ ਦੀਆਂ ਗਲਤੀਆਂ ਦਾ ਨਤੀਜਾ ਉਮੀਦਵਾਰਾਂ ਨੂੰ ਸੜਕਾਂ ਉਤੇ ਠੰਡੀਆਂ ਰਾਤਾਂ ਕੱਟ ਕੇ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਸਾਲ 2022 ਵਿੱਚ ਪੰਜਾਬ ਸਰਕਾਰ ਵੱਲੋਂ ਇਸ 5994 ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਣਾ ਸੀ ਤਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਯੂਨੀਅਨ ਨਾਲ ਕੀਤੀਆਂ ਜਾਂਦੀਆਂ ਮੀਟਿੰਗਾਂ ਵਿੱਚ ਵਾਰ-ਵਾਰ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਭਰਤੀ ਸਬੰਧੀ ਨੋਟੀਫਿਕੇਸ਼ਨ ਚਾਹੇ ਲੇਟ ਜਾਰੀ ਕੀਤਾ ਜਾਵੇ ਪਰ ਇਹੋ ਜਿਹਾ ਨੋਟੀਫਿਕੇਸ਼ਨ ਤਿਆਰ ਕੀਤਾ ਜਾਵੇਗਾ ਕਿ ਭਰਤੀ ਅਦਾਲਤਾਂ ਵਿੱਚ ਨਹੀਂ ਰੁਲੇਗੀ।
ਜਿਸ ਦੇ ਚੱਲਦੇ ਯੂਨੀਅਨ ਆਗੂਆਂ ਨੇ ਸਰਕਾਰ ਉਤੇ ਭਰੋਸਾ ਕਰਦਿਆਂ ਨੋਟੀਫਿਕੇਸ਼ਨ ਕੁਝ ਮਹੀਨੇ ਲੇਟ ਜਾਰੀ ਕਰਵਾਇਆ ਤਾਂ ਜੋ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ ਪਰ ਫਿਰ ਵੀ ਪਿਛਲੇ ਲਗਭਗ 8-9 ਮਹੀਨੇ ਤੋਂ ਉਕਤ ਈਟੀਟੀ 5994 ਭਰਤੀ ਹਾਈ ਕੋਰਟ ਵਿੱਚ ਰੁਲ ਰਹੀ ਹੈ। ਜਿਸ ਦੇ ਚੱਲਦੇ ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪੇ ਵੀ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ।
ਉਕਤ 5994 ਅਸਾਮੀਆਂ ਲਈ ਪ੍ਰੀਖਿਆ 05 ਮਾਰਚ 2023 ਨੂੰ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਸਥਾਪਤ ਕੀਤੇ ਪ੍ਰੀਖਿਆਂ ਕੇਂਦਰਾਂ ਵਿੱਚ ਲਈ ਗਈ ਸੀ। ਇਸ ਦੇ ਨਾਲ ਹੀ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਕੂਲੀ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿੱਚ 11 ਅਕਤੂਬਰ 2023 ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ, ਜੋ ਅੱਜ 47ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਾ ਹੈ।
ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਨੇ ਉਕਤ ਈਟੀਟੀ 5994 ਅਧਿਆਪਕਾਂ ਦੀ ਭਰਤੀ ਨੂੰ ਹਾਈਕੋਰਟ ਵਿੱਚੋਂ ਬਾਹਰ ਕਢਵਾਉਣ ਲਈ ਵਿਸ਼ੇਸ਼ ਯਤਨ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Ludhiana Ladowal Toll Price: ਲੋਕਾਂ ਲਈ ਵੱਡਾ ਝਟਕਾ- ਲਾਡੋਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ 'ਚ ਮੁੜ ਤੋਂ ਹੋਇਆ ਇਜਾਫਾ