`ਮਾਨ ਸਰਕਾਰ` ਦਾ ਵੱਡਾ ਫੈਸਲਾ - `ਵਿਸ਼ੇਸ਼ ਬੀਅਰ ਸ਼ਾਪਾਂ` ਖੁੱਲ੍ਹਣਗੀਆਂ, ਨਹੀਂ ਹੋਵੇਗੀ ਸ਼ਰਾਬ ਦੀ ਹੋਮ ਡਿਲੀਵਰੀ
Exclusive Beer Shops News: ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿੱਚ ਸ਼ਰਾਬ ਦੀ ਹੋਮ ਡਲਿਵਰੀ ਨਹੀਂ ਕੀਤੀ ਜਾਵੇਗੀ, ਸ਼ਹਿਰੀ ਖੇਤਰਾਂ ਵਿੱਚ ਵਿਸ਼ੇਸ਼ ਬੀਅਰ ਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ।
Exclusive Beer Shops News: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਆਉਂਦੇ ਵਿੱਤੀ ਸਾਲ ਦੌਰਾਨ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ 'ਵਿਸ਼ੇਸ਼ ਬੀਅਰ ਸ਼ਾਪਾਂ' (Exclusive Beer Shops) ਖੋਲ੍ਹੀਆਂ ਜਾਣਗੀਆਂ। ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਅਨੁਸਾਰ ਸੂਬੇ ਦੇ ਮਿਉਂਸਪਲ ਖੇਤਰਾਂ ਵਿੱਚ ਵਿਸ਼ੇਸ਼ ਬੀਅਰ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ।
“ਆਧੁਨਿਕ ਸਮਾਜ ਵਿੱਚ ਬਹੁਤ ਸਾਰੇ ਲੋਕ ਬੀਅਰ ਪਸੰਦ ਕਰਦੇ ਹਨ ਪਰ ਸ਼ਰਾਬ ਦੀਆਂ ਦੁਕਾਨਾਂ 'ਤੇ ਨਹੀਂ ਜਾਂਦੇ। ਇਸ ਲਈ, ਮਿਉਂਸਪਲ ਖੇਤਰਾਂ ਵਿੱਚ ਵਿਸ਼ੇਸ਼ ਬੀਅਰ ਦੀਆਂ ਦੁਕਾਨਾਂ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮੰਤਰੀ ਨੇ ਇੱਥੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਇੱਕ ਸਾਲ ਪੂਰਾ ਹੋਣ 'ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ।
ਇਹ ਵੀ ਪੜ੍ਹੋ: ਜੇਲ੍ਹ 'ਚ ਬੰਦ ਨਵਜੋਤ ਸਿੱਧੂ ਬਾਰੇ ਵੱਡੀ ਖ਼ਬਰ; 1 ਅਪ੍ਰੈਲ ਨੂੰ ਹੋ ਸਕਦੇ ਹਨ ਜੇਲ੍ਹ ਤੋਂ ਰਿਹਾਅ!
ਦੱਸ ਦੇਈਏ ਕਿ ਪੰਜਾਬ ਦੀ ਰਾਜ ਮੰਤਰੀ ਮੰਡਲ ਨੇ 10 ਮਾਰਚ ਨੂੰ ਵਿੱਤੀ ਸਾਲ 2023-24 ਲਈ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦਿੱਤੀ ਸੀ। ਇਸ ਵੇਲੇ ਸ਼ਰਾਬ ਦੀਆਂ ਦੁਕਾਨਾਂ 'ਤੇ ਬੀਅਰ ਵਿਕਦੀ ਹੈ, ਜਿੱਥੇ ਹੋਰ ਕਿਸਮ ਦੀ ਸ਼ਰਾਬ ਵੀ ਵਿਕਦੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਸ਼ਰਾਬ ਦੀ ਹੋਮ ਡਿਲੀਵਰੀ ਦੀ ਇਜਾਜ਼ਤ ਦੇਣ ਦੀ ਕੋਈ ਤਜਵੀਜ਼ ਹੈ, ਉਨ੍ਹਾਂ ਨੇ ਨਾਂਹ 'ਚ ਜਵਾਬ ਦਿੱਤਾ।
ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸਾਲ ਪੂਰਾ ਹੋਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ (Harpal Singh Cheema)ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਬਕਾਰੀ ਨੀਤੀ ਕਾਰਨ ਸਾਲ 2022-23 ਲਈ ਐਕਸਾਈਜ਼ ਮਾਲੀਆ ਕਰੀਬ 45 ਫੀਸਦੀ ਵਧਿਆ ਹੈ। ਉਨ੍ਹਾਂ ਕਿਹਾ ਕਿ ਐਕਸਾਈਜ਼ ਡਿਊਟੀ ਤੋਂ ਮਾਲੀਆ ਪਿਛਲੇ ਵਿੱਤੀ ਸਾਲ ਦੇ 6,100 ਕਰੋੜ ਰੁਪਏ ਤੋਂ ਵੱਧ ਕੇ 2022-23 ਵਿੱਚ 9,000 ਕਰੋੜ ਰੁਪਏ ਤੋਂ ਵੱਧ ਹੋਣ ਦੀ ਉਮੀਦ ਹੈ।