Faridkot News: ਯੂਟਿਊਬ ਤੋਂ ਵੀਡੀਓ ਦੇਖ ਸ਼ੁਰੂ ਕੀਤੀ ਸਟਾਬੇਰੀ ਦੀ ਖੇਤੀ, ਅੱਜ ਕਮਾ ਰਹੇ ਚੰਗਾ ਮੁਨਾਫ਼ਾ
Faridkot News: ਕੁਲਵਿੰਦਰ ਕੌਰ ਦੇ ਇਸ ਕੰਮ ਵਿੱਚ ਉਨ੍ਹਾਂ ਦੇ ਪਤੀ ਪ੍ਰਦੀਪ ਸਿੰਘ ਵੀ ਮੋਢਾ ਜੋੜ ਕੇ ਖੜਦੇ ਹਨ। ਉਹ ਦੱਸਦੇ ਹਨ ਇਸ ਦੀ ਤੁੜਵਾਈ ਸਿਰਫ ਸ਼ਨਿੱਚਰਵਾਰ ਛੱਡ ਕੇ ਰੋਜ਼ ਹੁੰਦੀ ਹੈ। ਸਟਾਬੇਰੀ ਨੂੰ ਡੱਬੀਆਂ ਵਿੱਚ ਪੈਕ ਕਰਕੇ ਫ਼ਰੀਦਕੋਟ ਅਤੇ ਫਿਰੋਜ਼ਪੁਰ ਮੰਡੀ ਵਿੱਚ ਭੇਜ ਦਿੰਦੇ ਹਾਂ।
Faridkot News(ਨਰੇਸ਼ ਸੇਠੀ): ਕਹਿੰਦੇ ਹਨ ਕਿ ਜਦੋਂ ਵਿਅਕਤੀ 'ਚ ਕੁੱਝ ਕਰਨ ਦਾ ਜਨੂੰਨ ਹੁੰਦਾ ਹੈ ਤਾਂ ਰਸਤੇ ਖੁਦ ਬਾ ਖੁਦ ਬਣ ਸਫ਼ਲਤਾ ਦੀ ਪੌੜੀ ਤੱਕ ਲੈ ਜਾਂਦੇ ਹਨ। ਅਜਿਹਾ ਹੀ ਕਰ ਦਿਖਾਇਆ ਇੱਕ ਪਤੀ-ਪਤਨੀ ਦੀ ਜੋੜੀ ਨੇ ਜੋ ਖੇਤੀ ਵਿਚ ਕੁੱਝ ਨਵਾਂ ਕਰਨ ਦੀ ਇੱਛਾ ਲੈਕੇ ਅੱਗੇ ਵਧੇ ਤੇ ਅੱਜ ਸਟਾਬੇਰੀ ਦੀ ਖੇਤੀ 'ਚ ਇੱਕ ਉੱਨਤ ਕਿਸਾਨ ਬਣ ਆਪਣਾ ਰੋਜ਼ਗਾਰ ਬਣਾਇਆ। ਕੁਲਵਿੰਦਰ ਕੌਰ ਅਤੇ ਉਸਦੇ ਪਤੀ ਪ੍ਰਦੀਪ ਸਿੰਘ ਵੱਲੋਂ ਆਪਣੇ ਡੇਢ ਏਕੜ ਜਮੀਨ ਤੇ ਸਟਾਬੇਰੀ ਦੀ ਖੇਤੀ ਕਰ ਵਧੀਆ ਰੋਜ਼ਗਾਰ ਚਲਾ ਰਹੇ ਹਨ।
ਸਾਦਿਕ- ਮੁਕਤਸਰ ਰੋਡ 'ਤੇ ਡੇਢ ਏਕੜ ਦੇ ਟੱਕ ਵਿੱਚ ਕੁਲਵਿੰਦਰ ਕੌਰ ਅਤੇ ਉਸਦੇ ਪਤੀ ਪ੍ਰਦੀਪ ਸਿੰਘ ਪਿਛਲੇ ਤਿੰਨ ਸਾਲ ਸਟਾਬੇਰੀ ਦੀ ਖੇਤੀ ਕਰ ਰਹੇ ਹਨ।ਉਹ ਦੱਸਦੇ ਹਨ ਕਿ ਉਹ ਵੀ ਕਿਸੇ ਵੇਲੇ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਸਨ ਪਰ ਉਨ੍ਹਾਂ ਦੇ ਅੰਦਰ ਵੱਖਰਾ ਕਰਨ ਦੀ ਇੱਛਾ ਸੀ। ਉਨ੍ਹਾਂ ਵੱਲੋਂ ਸਟਾਬੇਰੀ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਯੂਟਿਊਬ ਤੇ ਇਸ ਬਾਰੇ ਵੀਡੀਓ ਵੇਖੀਆਂ ਤੇ ਮਗਰੋਂ ਸਟਾਬੇਰੀ ਦੀ ਖੇਤੀ ਕਰਨ ਵਾਲਿਆਂ ਕੋਲ ਜਾ ਕੇ ਇਸ ਬਿਜਾਈ ਦਾ ਢੰਗ ਸਿੱਖਿਆ।
ਕੁਲਵਿੰਦਰ ਕੌਰ ਦੇ ਇਸ ਕੰਮ ਵਿੱਚ ਉਨ੍ਹਾਂ ਦੇ ਪਤੀ ਪ੍ਰਦੀਪ ਸਿੰਘ ਵੀ ਮੋਢਾ ਜੋੜ ਕੇ ਖੜਦੇ ਹਨ। ਉਹ ਦੱਸਦੇ ਹਨ ਇਸ ਦੀ ਤੁੜਵਾਈ ਸਿਰਫ ਸ਼ਨਿੱਚਰਵਾਰ ਛੱਡ ਕੇ ਰੋਜ਼ ਹੁੰਦੀ ਹੈ। ਸਟਾਬੇਰੀ ਨੂੰ ਡੱਬੀਆਂ ਵਿੱਚ ਪੈਕ ਕਰਕੇ ਫ਼ਰੀਦਕੋਟ ਅਤੇ ਫਿਰੋਜ਼ਪੁਰ ਮੰਡੀ ਵਿੱਚ ਭੇਜ ਦਿੰਦੇ ਹਾਂ।
ਪ੍ਰਦੀਪ ਸਿੰਘ ਦੱਸਦੇ ਹਨ ਇਸ ਦੀ ਬਿਜਾਈ ਲਈ ਉਹ ਪੂਣੇ ਪਨੀਰੀ ਲੈਕੇ ਆਉਂਦੇ ਹਨ। ਸਤੰਬਰ ਮਹੀਨੇ ਵਿੱਚ ਇਸ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਤੇ ਨਵੰਬਰ ਵਿੱਚ ਇਹ ਫੱਲ ਤਿਆਰ ਹੋ ਜਾਂਦਾ ਹੈ।ਉਹ ਦੱਸਦੇ ਹਨ ਕਿ ਸਟਾਬੇਰੀ ਦੀ ਖੇਤੀ ਵਿੱਚ ਇੱਕ ਕਿੱਲੇ ਵਿੱਚ ਬਿਜਾਈ ਦਾ ਖਰਚਾ 7 ਲੱਖ ਰੁਪਏ ਆਉਂਦਾ ਹੈ ਤੇ ਤਕਰੀਬਨ 4-5 ਲੱਖ ਰੁਪਏ ਮੁਨਾਫ਼ਾ ਦੇ ਜਾਂਦਾ ਹੈ।
ਕੁਲਵਿੰਦਰ ਕੌਰ ਨੇ ਆਪਣੇ ਇਸ ਸਫਰ ਬਾਰੇ ਦੱਸਦਿਆਂ ਕਿਹਾ ਕਿ ਪਹਿਲਾਂ ਪਹਿਲ ਉਨ੍ਹਾਂ ਨੂੰ ਇੰਨਾ ਤਜ਼ੁਰਬਾ ਨਾ ਹੋਣ ਕਾਰਨ ਕੁਜ ਵੱਧ ਖਰਚ ਕਰ ਘੱਟ ਮੁਨਾਫ਼ਾ ਵੀ ਮਿਲਿਆ ਪਰ ਜਿਉਂ ਜਿਉਂ ਉਹ ਖੇਤੀ ਨੂੰ ਹੋਰ ਮਿਹਨਤ ਨਾਲ ਅਤੇ ਤਕਨੀਕ ਨਾਲ ਕਰਨ ਲੱਗੇ ਤਾਂ ਹੁਣ ਇੱਕ ਵਧੀਆ ਰੋਜ਼ਗਾਰ ਬਣ ਚੁੱਕਾ ਹੈ ਹਾਲਕਾਂ ਕਈ ਔਕੜਾਂ ਵੀ ਆਉਦੀਆ ਨੇ ਪਰ ਫਿਰ ਵੀ ਉਹ ਪੂਰੀ ਲਗਨ ਨਾਲ ਆਪਣਾ ਕੰਮ ਕਰ ਰਹੇ ਹਨ ਅਤੇ ਹੋਰਾਂ ਨੂੰ ਵੀ ਰੋਜ਼ਗਾਰ ਦੇ ਰਹੇ ਹਨ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਕਿਸਾਨੀ ਵਿੱਚ ਫ਼ਸਲੀ ਵਿਭਿੰਨਤਾ ਲਿਆਉਣੀ ਹੈ ਤਾਂ ਸਰਕਾਰ ਨੂੰ ਬੀਜ ਜਾ ਪਨੀਰੀ ਖੁੱਦ ਤਿਆਰ ਕਰ ਕਿਸਾਨਾਂ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਉਹ ਹੋਰ ਲਗਨ ਨਾਲ ਇਸ ਕੰਮ ਵੱਲੀ ਆਉਣ।