Farmers News: ਤਾਮਿਲਨਾਡੂ ਜਾਣ ਵਾਲੇ ਕਿਸਾਨ ਆਗੂਆਂ ਨੂੰ ਦਿੱਲੀ ਹਵਾਈ ਅੱਡੇ 'ਤੇ ਜਹਾਜ਼ 'ਚ ਨਹੀਂ ਚੜ੍ਹਨ ਦਿੱਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਵੱਡੇ ਪੱਧਰ ਉਤੇ ਤੱਕ ਫੈਲਣ ਕਾਰਨ ਭਾਜਪਾ ਸਰਕਾਰ 'ਚ ਘਬਰਾਹਟ ਦਾ ਮਾਹੌਲ ਹੈ।


COMMERCIAL BREAK
SCROLL TO CONTINUE READING

ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਮੁੱਦੇ ਉਤੇ ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤੀ) ਵੱਲੋਂ ਤਮਿਲਨਾਡੂ ਦੇ ਤਿਰਚੁਰਪਲੀ ਅਤੇ ਪਾਂਡੂਚੇਰੀ ਵਿੱਚ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨ ਨੇਤਾਵਾਂ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਤੇ ਸੁਖਦੇਵ ਸਿੰਘ ਭੋਜਰਾਜ ਨੂੰ ਦਿੱਲੀ ਹਵਾਈ ਅੱਡੇ ਉਤੇ ਜਹਾਜ਼ ਵਿੱਚ ਬੈਠਣ ਤੋਂ ਹਵਾਈ ਅੱਡੇ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਰੋਕਿਆ ਗਿਆ ਹੈ।


ਸੁਰੱਖਿਆ ਮੁਲਾਜ਼ਮਾਂ ਨੇ ਕਿਸਾਨ ਆਗੂਆਂ ਵੱਲੋਂ ਪਹਿਨੇ ਸ਼੍ਰੀ ਸਾਹਿਬ ਨੂੰ ਮੁੱਦਾ ਬਣਾਇਆ ਗਿਆ ਤੇ ਉਨ੍ਹਾਂ ਨੂੰ ਹਵਾਈ ਜਹਾਜ਼ ਵਿੱਚ ਚੜ੍ਹਨ ਨਹੀਂ ਦਿੱਤਾ ਗਿਆ, ਜਦੋਂ ਕਿ ਅੱਜ ਤੋਂ ਪਹਿਲਾਂ ਵੀ ਕਈ ਵਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸਿਰਸਾ ਕਿਰਪਾਨ ਨਾਲ ਹਵਾਈ ਸਫ਼ਰ ਕਰ ਚੁੱਕੇ ਹਨ। ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਕੋਲ ਕਿਰਪਾਨ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਨੂੰ ਜਹਾਜ਼ ਵਿੱਚ ਚੜ੍ਹਨ ਨਹੀਂ ਦਿੱਤਾ ਗਿਆ।


ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ ਸੁਰੱਖਿਆ ਮੁਲਾਜ਼ਮਾਂ ਨੇ ਕਿਰਪਾਨ ਨੂੰ ਹੀ ਮੁੱਦਾ ਬਣਾ ਲਿਆ ਹੈ। ਅਸਲੀਅਤ ਇਹ ਹੈ ਕਿ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇ ਮੁੱਦੇ 'ਤੇ 13 ਫਰਵਰੀ ਤੋਂ ਦੱਖਣੀ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਵਿਸਥਾਰ ਤੋਂ ਡਰੀ ਹੋਈ ਹੈ। ਇਸ ਲਈ ਸਰਕਾਰ ਤਾਨਾਸ਼ਾਹ ਵਾਂਗ ਕੰਮ ਕਰ ਰਹੀ ਹੈ।


ਹਾਲ ਹੀ ਵਿਚ 15 ਅਗਸਤ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ ਤਾਮਿਲਨਾਡੂ ਦੇ 17 ਜ਼ਿਲ੍ਹਿਆਂ ਅਤੇ ਕਰਨਾਟਕ ਦੇ 15 ਜ਼ਿਲ੍ਹਿਆਂ ਵਿਚ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਵੱਡੀਆਂ ਮਹਾਂਪੰਚਾਇਤਾਂ ਵੀ ਲਗਾਤਾਰ ਕਰਵਾਈਆਂ ਜਾ ਰਹੀਆਂ ਹਨ।


ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਦੇ ਮੁੱਦੇ 'ਤੇ ਸੜਕਾਂ ਤੋਂ ਲੈ ਕੇ ਸੰਸਦ ਤੱਕ ਉਠਾਈ ਜਾ ਰਹੀ ਆਵਾਜ਼ ਕਾਰਨ ਭਾਜਪਾ ਸਰਕਾਰ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਘਬਰਾਹਟ 'ਚ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੇ ਪਸਾਰ ਨੂੰ ਰੋਕਣ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਹੈ।