ਚੰਡੀਗੜ੍ਹ: ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨ ਯੂਨੀਅਨ (ਦੁਆਬਾ) ਦੇ ਮੈਂਬਰਾਂ ਨਾਲ ਬੈਠਕ ਦੌਰਾਨ ਗੱਲਬਾਤ ਕਰਦੇ ਕਿਹਾ ਕਿ ਫਗਵਾੜਾ ਦੀ ਮੈਸਰਜ਼ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਵੱਲੋਂ ਕਿਸਾਨਾਂ ਦੇ ਰੋਕੇ ਗਏ ਕਰੀਬ 72 ਕਰੋੜ ਰੁਪਏ ਦੀ ਬਕਾਇਆ ਅਦਾਇਗੀ ਕੱਲ੍ਹ ਤੋਂ ਉਨ੍ਹਾਂ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ। ਕਿਉਂਕਿ ਉਕਤ ਮਿੱਲ ਦੀ ਹਰਿਆਣਾ ਸਥਿਤ ਜਾਇਦਾਦ ਵੇਚਣ ਤੋਂ ਬਾਅਦ ਮਿੱਲ ਦੇ ਖਾਤੇ ਵਿਚ ਕਰੀਬ 23.76 ਕਰੋੜ ਰੁਪਏ ਆ ਗਏ ਹਨ।


COMMERCIAL BREAK
SCROLL TO CONTINUE READING

 



ਜੇ ਕੋਈ ਗੱਲ ਸਿਰੇ ਨਾ ਚੜ੍ਹੀ ਤਾਂ ਖੰਡ ਮਿੱਲ ਸਰਕਾਰ ਖ਼ੁਦ ਚਲਾਏਗੀ : ਧਾਲੀਵਾਲ 
ਉਨ੍ਹਾਂ ਕਿਸਾਨਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਬਾਕੀ ਬਕਾਇਆ ਰਾਸ਼ੀ ਵੀ ਮਿੱਲ ਪ੍ਰਬੰਧਕਾਂ ਕੋਲੋਂ ਵਸੂਲ ਕੀਤੀ ਜਾਵੇਗੀ ਜਿਸ ਲਈ ਸਰਕਾਰ ਵੱਲੋਂ ਮਿੱਲ ਦੇ ਮਾਲਕਾਂ ਦੀ ਨਿੱਜੀ ਜਾਇਦਾਦ (Persnal Asset) ਨੂੰ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਖੇਤੀਬਾੜੀ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਆ ਰਹੇ ਗੰਨੇ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਮਿੱਲ ਦੇ ਮੌਜੂਦਾ ਮਾਲਕਾਂ ਤੋਂ ਇਲਾਵਾ ਕਈ ਨਿੱਜੀ ਮਿਲਾਂ ਨਾਲ ਗੱਲਬਾਤ ਚੱਲ ਰਹੀ ਹੈ। ਜੇਕਰ ਇਨ੍ਹਾਂ ਧਿਰਾਂ ਨਾਲ ਸਾਡਾ ਕੋਈ ਸਮਝੌਤਾ ਸਿਰੇ ਨਾ ਚੜ੍ਹਿਆ ਤਾਂ ਸਰਕਾਰ ਖ਼ੁਦ ਇਹ ਖੰਡ ਮਿੱਲ (Sugar Mill) ਚਲਾਏਗੀ, ਪਰ ਕਿਸਾਨਾਂ ਦਾ ਗੰਨਾ ਨਹੀਂ ਰੁਲਣ ਦਿੱਤਾ ਜਾਵੇਗਾ।



 


ਖੇਤੀਬਾੜੀ ਮੰਤਰੀ ਧਾਲੀਵਾਲ (Kuldeep Singh Dhaliwal) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਦੀ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ। ਅਸੀਂ ਕਿਸਾਨਾਂ ਨੂੰ ਆਰਥਿਕ ਤੌਰ ਉਤੇ ਮਜ਼ਬੂਤ ਕਰਨਾ ਚਾਹੁੰਦੇ ਹਾਂ, ਕਿਉਂਕਿ ਪੰਜਾਬ ਦੀ 75 ਫੀਸਦੀ ਆਬਾਦੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਖੇਤੀ ਨਾਲ ਜੁੜੀ ਹੋਈ ਹੈ।


 



ਧਰਨਾ ਲਾਉਣ ਤੋਂ ਪਹਿਲਾਂ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ: ਧਾਲੀਵਾਲ 
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨੀ ਨੂੰ ਪੈਰਾਂ ਸਿਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਾਰੀਆਂ ਕਿਸਾਨ ਧਿਰਾਂ ਤੇ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਮਸਲੇ ਉਤੇ ਧਰਨਾ ਲਗਾਉਣ ਤੋਂ ਪਹਿਲਾਂ ਸਾਡੇ ਨਾਲ ਗੱਲਬਾਤ ਲਈ ਮੇਜ਼ ਉਤੇ ਆ ਕੇ ਬੈਠਣ। ਉਨਾਂ ਕਿਹਾ ਕਿ ਸਰਕਾਰ ਦੇ ਦਰਵਾਜ਼ੇ ਹਮੇਸ਼ਾ ਤੁਹਾਡੇ ਲਈ ਖੁੱਲ੍ਹੇ ਹਨ ਅਤੇ ਹਰੇਕ ਮਸਲੇ ਦਾ ਹੱਲ ਵੀ ਗੱਲਬਾਤ ਨਾਲ ਹੀ ਹੋਣਾ ਹੁੰਦਾ ਹੈ।