Rail Roko Andolan: ਕਿਸਾਨਾਂ ਦਾ ਪੰਜਾਬ ਭਰ ਵਿੱਚ ਪ੍ਰਦਰਸ਼ਨ ਸ਼ੁਰੂ; 3 ਘੰਟੇ ਲਈ ਸੜਕਾਂ ਤੇ ਰੇਲਵੇ ਟਰੈਕ ਜਾਮ
Rail Roko Andolan: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਅਤੇ ਕਿਸਾਨ ਆਗੂ ਬਰਨਾਲਾ ਰੇਲਵੇ ਸਟੇਸ਼ਨ ਪੁੱਜ ਗਏ ਹਨ।
Rail Roko Andolan: ਕਿਸਾਨਾਂ ਨੇ ਪੰਜਾਬ ਵਿੱਚ ਤਿੰਨ ਘੰਟੇ ਲਈ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਸੂਬੇ ਭਰ ਵਿੱਚ ਸੜਕਾਂ ਅਤੇ ਰੇਲ ਟਰੈਕ ਜਾਮ ਕਰ ਦਿੱਤੇ ਹਨ।
ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਅਤੇ ਕਿਸਾਨ ਆਗੂ ਬਰਨਾਲਾ ਰੇਲਵੇ ਸਟੇਸ਼ਨ ਉਤੇ ਪੁੱਜ ਗਏ ਹਨ। ਕਿਸਾਨ 12 ਵਜੇ ਤੋਂ 3 ਵਜੇ ਤੱਕ ਰੇਲਵੇ ਟਰੈਕ ਜਾਮ ਕਰਨਗੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਬਰਨਾਲਾ ਵਿੱਚ 12 ਵਜੇ ਤੋਂ 3 ਵਜੇ ਤੱਕ ਰੇਲ ਜਾਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Phagwara Blast: ਦੁਸਹਿਰੇ ਵਾਲੇ ਦਿਨ ਫਗਵਾੜਾ ਦੇ ਸ਼ਾਮ ਨਗਰ ਸ਼ਿਵਪੁਰੀ 'ਚ ਵੱਡਾ ਧਮਾਕਾ, ਦੋ ਬੱਚੇ ਗੰਭੀਰ ਜ਼ਖ਼ਮੀ
ਕਿਸਾਨਾਂ ਨੇਤਾਵਾਂ ਨੇ ਦੱਸਿਆ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਮੰਡੀਆਂ ਵਿੱਚ ਖੱਜਲ-ਖੁਆਰ ਹੋ ਰਹੇ ਹਨ, ਜਿਸ ਨੂੰ ਲੈ ਕੇ ਅੱਜ ਚਿਤਾਵਨੀ ਧਰਨਾ ਦਿੱਤਾ ਜਾ ਰਿਹਾ ਹੈ। ਜੇਕਰ ਜਲਦੀ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਨਵੀਆਂ ਫ਼ਸਲਾਂ ਦੀ ਬਿਜਾਈ ਲਈ ਅਨਾਜ ਵੀ ਸਮੇਂ ਸਿਰ ਨਹੀਂ ਮਿਲ ਰਿਹਾ। ਕਿਸਾਨਾਂ ਨੇ ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਸੀ। ਹਾਲਾਂਕਿ ਕਿਸਾਨਾਂ ਵੱਲੋਂ ਅਜੇ ਤੱਕ ਕੋਈ ਸਪੱਸ਼ਟ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਕਿ ਇਹ ਧਰਨਾ ਕਿੱਥੇ ਹੋਵੇਗਾ।
ਕੋਟਕਪੂਰਾ: ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਆ ਰਹੀ ਸਮੱਸਿਆ ਤੋਂ ਪਰੇਸ਼ਾਨ ਭਾਰਤ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੋਟਕਪੂਰਾ ਵਿਖੇ ਰੇਲਵੇ ਲਾਈਨਾਂ ਤੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਡੀਆਂ ਵਿੱਚੋਂ ਉਨ੍ਹਾਂ ਦੀ ਫਸਲ ਨੂੰ ਤੁਰੰਤ ਨਾ ਖਰੀਦਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ।
ਸਮਰਾਲਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਪੰਜਾਬ ਭਰ ਵਿੱਚ ਚੱਕਾਜਾਮ ਕਰਨ ਦਾ ਪ੍ਰੋਗਰਾਮ ਤਹਿਤ ਸਮਰਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਵਿੱਚ ਰੋਡ ਜਾਮ ਕੀਤਾ ਗਿਆ। ਇਸ ਧਰਨੇ ਵਿੱਚ ਆੜ੍ਹਤੀ ਐਸੋਸੀਏਸ਼ਨ ਸ਼ੈਲਰ ਐਸੋਸੀਏਸ਼ਨ ਅਤੇ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ।
ਬਠਿੰਡਾ ਵਿੱਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਦੀ ਖਰੀਦ ਨਾ ਹੋਣ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਸੜਕ ਅਤੇ ਰੇਲਾਂ ਦੀ ਆਵਾਜਾਈ ਤਿੰਨ ਘੰਟਿਆਂ ਲਈ ਰੋਸ ਵਜੋਂ ਧਰਨੇ ਦੇ ਕੇ ਰੋਕ ਦਿੱਤੀ। ਬਠਿੰਡਾ ਵਿੱਚ ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਬਹੁਤ ਸਾਰੀਆਂ ਮੰਗਾਂ ਉਤੇ ਸਹਿਮਤੀ ਹੋ ਗਈ ਸੀ ਜਿਹੜੀਆਂ ਮੰਨ ਲਈਆਂ ਸਨ ਪਰ ਮੁੱਖ ਮੰਤਰੀ ਦੇ ਕਹਿਣ ਤੋਂ ਬਾਅਦ ਹੀ ਪੰਜਾਬ ਵਿੱਚ ਲਾਗੂ ਨਹੀਂ ਹੋਈਆਂ। ਪੀਆਰ 126 ਝੋਨਾ ਲਗਾਇਆ ਗਿਆ ਸੀ ਜਿਸ ਦੀ ਖਰੀਦ ਦੀ ਮੁੱਖ ਮੰਤਰੀ ਨੇ ਗਰੰਟੀ ਦਿੱਤੀ ਸੀ ਪ੍ਰੰਤੂ ਹੁਣ ਝੋਨਾ ਮੰਡੀਆਂ ਵਿੱਚ ਆ ਚੁੱਕਿਆ ਹੈ। 1 ਅਕਤੂਬਰ ਤੋਂ ਅੱਜ 13 ਦਿਨ ਹੋ ਗਏ ਨੇ ਪਰ ਝੋਨਾ ਸਰਕਾਰ ਵੱਲੋਂ ਨਹੀਂ ਚੁੱਕਿਆ ਜਾ ਰਿਹਾ। ਇਸੇ ਕਾਰਨ ਅੱਜ ਜਿੱਥੇ ਸੜਕੀ ਆਵਾਜਾਈ ਰੋਕੀ ਹੈ ਉੱਥੇ ਹੀ ਰੇਲ ਯਾਤਰਾ ਵੀ ਬੰਦ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਹ ਰੋਸ ਪ੍ਰਦਰਸ਼ਨ ਕਰਕੇ ਚਿਤਾਵਨੀ ਦੇਣਾ ਸੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ।
ਅਮਲੋਹ: ਸੰਯੁਕਤ ਕਿਸਾਨ ਮੋਰਚੇ ਦੀ ਕਾਲ ਉਤੇ ਕਿਸਾਨ ਮਜ਼ਦੂਰ, ਆੜ੍ਹਤੀਆ ਅਤੇ ਸ਼ੈਲਰ ਮਾਲਕਾਂ ਵੱਲੋਂ ਸਾਂਝੇ ਤੌਰ ਉਤੇ ਸੜਕ ਜਾਮ ਕਰ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੰਨਦਾਤਾ ਰੁਲਣ ਲਈ ਮਜਬੂਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਮੰਡੀ ਵਿਚ ਝੋਨੇ ਦੀ ਖਰੀਦ ਨੂੰ ਸੁਚੱਜੇ ਤੌਰ ਉਤੇ ਖਰੀਦ ਯਕੀਨੀ ਬਣਾਉਣ।
ਅੰਮ੍ਰਿਤਸਰ ਦੀ ਵੱਲਾ ਰੇਲਵੇ ਲਾਈਨ ਨੂੰ ਅੱਜ ਕਿਸਾਨਾਂ ਨੇ ਜਾਮ ਕਰ ਦਿੱਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚੋਂ ਝੋਨਾ ਚੁੱਕਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ 3 ਘੰਟੇ ਤੱਕ ਧਰਨਾ ਦੇ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਨਤੀਜੇ ਭੁਗਤਣੇ ਪੈਣਗੇ। 14 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਮਿਲਣਗੇ, ਇਸ ਬਾਰੇ ਕਿਸਾਨਾਂ ਨੇ ਕਿਹਾ ਕਿ ਬਹੁਤ ਦੇਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ ਅਤੇ ਪੰਜਾਬ 'ਚ ਡੀਏਪੀ ਖਾਦ ਦੀ ਕਮੀ ਹੈ ਜੇਕਰ ਕਿਸਾਨਾਂ ਨੇ ਮੰਗ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਹੋਰ ਵੀ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ।
ਮਾਨਸਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਮਾਨਸਾ ਵਿਖੇ ਕਿਸਾਨਾਂ ਵੱਲੋਂ ਦਿੱਲੀ ਫਿਰੋਜ਼ਪੁਰ ਰੇਲਵੇ ਲਾਈਨ ਉਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਝੋਨੇ ਦੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ ਅਜੇ ਤੱਕ ਉਨ੍ਹਾਂ ਦੀ ਫਸਲ ਨੂੰ ਖ਼ਰੀਦਣ ਦਾ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਇੱਕ ਅਪ੍ਰੈਲ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਮੰਡੀਆਂ ਦੇ ਵਿੱਚ ਕਈ ਦਿਨਾਂ ਤੋਂ ਆਪਣੀ ਫਸਲ ਲੈ ਕੇ ਬੈਠੇ ਕਿਸਾਨਾਂ ਨੂੰ ਫਸਲ ਵੇਚਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਮੰਡੀਆਂ ਵਿੱਚ ਇੰਸਪੈਕਟਰਾਂ ਦੀਆਂ ਡਿਊਟੀਆਂ ਤੱਕ ਨਹੀਂ ਲਗਾਈਆਂ ਗਈਆਂ ਤੇ ਕਿਸਾਨ ਆਪਣੀਆਂ ਫਸਲਾਂ ਨੂੰ ਸੜਕਾਂ ਉਤੇ ਸੁੱਟਣ ਲਈ ਮਜਬੂਰ ਹੋ ਗਏ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਪਰ ਕਿਸਾਨ ਆਪਣਾ ਦਾਣਾ-ਦਾਣਾ ਵੇਚਣ ਲਈ ਅੱਜ ਧਰਨੇ ਪ੍ਰਦਰਸ਼ਨ ਦੇਣ ਲਈ ਮਜਬੂਰ ਹੋ ਚੁੱਕੇ ਹਨ। ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੰਡੀਆਂ ਦੇ ਵਿੱਚ ਜਲਦ ਹੀ ਕਿਸਾਨਾਂ ਦੀ ਫਸਲ ਨਾ ਖਰੀਦੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ।
ਇਹ ਵੀ ਪੜ੍ਹੋ : Baba Siddiqui Murder: NCP ਨੇਤਾ ਬਾਬਾ ਸਿੱਦੀਕੀ 'ਤੇ ਬਦਮਾਸ਼ਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ, ਇਲਾਜ ਦੌਰਾਨ ਮੌਤ