COMMERCIAL BREAK
SCROLL TO CONTINUE READING

Nabha Protest: ਪਟਿਆਲਾ ਲੋਕ ਸਭਾ ਹਲਕੇ ਤੋਂ ਬੀਜੇਪੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਖ਼ਿਲਾਫ਼ ਕਿਸਾਨਾਂ ਦਾ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹੈ। ਅੱਜ ਨਾਭਾ ਵਿਖੇ ਐਸਡੀਐਮ ਦਫਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕਿਸਾਨਾਂ ਵੱਲੋਂ ਮਹਾਰਾਣੀ ਪਰਨੀਤ ਕੌਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ।


ਕਿਸਾਨਾਂ ਦਾ ਕਹਿਣਾ ਹੈ ਕਿ ਬੀਜੇਪੀ ਉਮੀਦਵਾਰਾਂ ਦੇ ਵਿਰੋਧ ਦੀ ਕਾਲ ਤਹਿਤ ਰਾਜਪੁਰਾ ਵਿਖੇ ਕਿਸਾਨ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਕਰ ਰਹੇ ਸਨ ਪਰ ਧੱਕਾ ਮੁੱਕੀ ਦੌਰਾਨ ਕਿਸਾਨ ਦੀ ਮੌਤ ਹੋ ਗਈ ਅਤੇ ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮਸਲੇ 'ਤੇ ਅੱਜ ਇਹ ਅਰਥੀ ਫੂਕ ਮੁਜ਼ਾਹਰਾ ਕਿਸਾਨਾਂ ਵੱਲੋਂ ਕੀਤਾ ਗਿਆ ਹੈ।


ਕਿਸਾਨਾਂ ਦਾ ਕਹਿਣਾ ਹੈ ਕਿ ਬੀਜੇਪੀ ਆਗੂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਜਿਵੇਂ ਕਿਸਾਨਾਂ ਨੂੰ ਬੀਜੇਪੀ ਸਰਕਾਰ ਨੇ ਦਿੱਲੀ ਜਾਣ ਤੋਂ ਰੋਕਿਆ ਸੀ, ਉਸੇ ਤਰੀਕੇ ਨਾਲ ਪੰਜਾਬ ਦੇ ਪਿੰਡਾਂ ਵਿੱਚ ਬੀਜੇਪੀ ਆਗੂ ਨੂੰ ਜਾਣ ਤੋਂ ਰੋਕਿਆ ਜਾਵੇਗਾ। ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ ਅਤੇ SKM ਵੱਲੋਂ ਤਿਆਰੀ ਕੀਤੇ ਗਏ ਸਵਾਲ ਪੁੱਛੇ ਜਾਣਗੇ।


ਦੱਸਦਈਏ ਕਿ ਪਿੰਡ ਸਿਹਰਾ ਵਿਖੇ ਕਿਸਾਨਾਂ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਕੀਤੇ ਜਾ ਰਹੇ ਵਿਰੋਧ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਕਿਸਾਨ ਭਾਜਪਾ ਉਮੀਦਵਾਰ ਦਾ ਵਿਰੋਧ ਕਰਨ ਲਈ ਹੱਥਾਂ 'ਚ ਕਾਲੀਆਂ ਝੰਡੀਆਂ ਤੇ ਕਿਸਾਨੀ ਝੰਡੇ ਲੈ ਕੇ ਮੌਕੇ 'ਤੇ ਪੁੱਜ ਗਏ। ਵਿਰੋਧ ਪ੍ਰਦਰਸ਼ਨ ਦੌਰਾਨ ਇਕ ਕਿਸਾਨ ਸੁਰਿੰਦਰ ਪਾਲ ਸਿੰਘ ਪਿੰਡ ਆਕੜੀ ਥੱਲੇ ਡਿੱਗ ਗਿਆ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।


ਉਸ ਨੂੰ ਨਾਲ ਦੇ ਸਾਥੀਆਂ ਵੱਲੋਂ ਗੱਡੀ 'ਚ ਸਿਵਿਲ ਹਸਪਤਾਲ ਰਾਜਪੁਰਾ ਲਈ ਇਲਾਜ ਵਾਸਤੇ ਲਿਆਂਦਾ ਜਾ ਰਿਹਾ ਸੀ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਜਦੋਂ ਉਸ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਿਸਾਨ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਖੇੜੀ ਗੰਡਿਆ ਦੀ ਪੁਲਿਸ ਨੇ ਕਿਸਾਨ ਸੁਰਿੰਦਰ ਸਿੰਘ ਦੇ ਭਤੀਜੇ ਦੀ ਸ਼ਿਕਾਇਤ ਦੇ ਆਧਾਰ ’ਤੇ ਇਹ ਐਫਆਈਆਰ ਦਰਜ ਕੀਤੀ ਹੈ।